ਬਰਨਾਲਾ, 15 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ ਵੋਟਾਂ ਤੋਂ ਪਹਿਲਾਂ ਦੇਰ ਰਾਤ ਹੋਈ ਲੜਾਈ ਵਿੱਚ ਪੰਚੀ ਦੀ ਚੋਣ ਲੜ ਰਹੇ ਉਮੀਦਵਾਰ ‘ਤੇ ਦੂਜੇ ਗੁੱਟ ਵੱਲੋਂ ਹਮਲਾ ਕਰਕੇ ਸੱਟਾਂ ਮਾਰਨ ਦੀਆਂ ਖ਼ਬਰਾਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਮਲੇ ‘ਚ ਜ਼ਖ਼ਮੀ ਹੋਏ ਪੰਚੀ ਦੇ ਉਮੀਦਵਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਗੱਡੀ ਵਿੱਚ ਪਿੰਡ ਦੇ ਵਿੱਚ ਦੇਰ ਰਾਤ ਘਰ ਜਾ ਰਹੇ ਸਨ ਤਾਂ ਸਰਪੰਚੀ ਦੀ ਚੋਣ ਲੜ ਰਹੇ ਦੂਜੇ ਗਰੁੱਪ ਦੇ 20 ਤੋਂ 25 ਵਿਅਕਤੀਆਂ ਨੇ ਉਹਨਾਂ ਦੀ ਗੱਡੀ ਅੱਗੇ ਮੋਟਰਸਾਈਕਲ ਲਗਾ ਕੇ ਗੱਡੀ ਨੂੰ ਘੇਰ ਲਿਆ ਤੇ ਉਹਨਾਂ ਉੱਪਰ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਹਮਲੇ ਦੌਰਾਨ ਉਹਨਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੇ ਸਾਥੀ ਨੂੰ ਵੀ ਸਖ਼ਤ ਜ਼ਖਮੀ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਪੁਲਿਸ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮਹਿਲ ਕਲਾਂ ਸੁਬੇਗ ਸਿੰਘ ਨੇ ਦੱਸਿਆ ਕਿ ਪਿੰਡ ਕਰਮਗੜ ਵਿਖੇ ਵੋਟਾਂ ਦੇ ਮਾਮਲੇ ‘ਚ ਲੜਾਈ ਹੋਈ ਹੈ ਜਿਸ ਵਿੱਚ ਇੱਕ ਪੰਚੀ ਦੇ ਉਮੀਦਵਾਰ ਅਤੇ ਇੱਕ ਹੋਰ ਉਮੀਦਵਾਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਅਤੇ ਇਸ ਮਾਮਲੇ ‘ਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਸਿੱਧੇ ਤੌਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ-ਸਿਵਲ ਹਸਪਤਾਲ ਬਰਨਾਲਾ ਵਿਖੇ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਪੰਚ ਉਮੀਦਵਾਰ ਗੁਰਜੰਟ ਸਿੰਘ