- MP ਸੁਖਜਿੰਦਰ ਰੰਧਾਵਾ ਡੀਸੀ ਦੇ ਖ਼ਿਲਾਫ਼ ਲਿਆਉਣਗੇ ਵਿਸ਼ੇਸ਼ ਅਧਿਕਾਰ ਮਤਾ
ਚੰਡੀਗੜ੍ਹ,2 ਅਕਤੂਬਰ, Gee98 news service
-ਪੰਚਾਇਤ ਚੋਣਾਂ ਦੌਰਾਨ ਗੁਰਦਾਸਪੁਰ ਵਿੱਚ ਵਾਪਰੀ ਇੱਕ ਘਟਨਾ ਕਾਰਨ ਮਾਹੌਲ ਤਣਾਅਪੂਰਨ ਪੂਰਨ ਬਣ ਗਿਆ ਹੈ। ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਉਣ ਦਾ ਫੈਸਲਾ ਕੀਤਾ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਦੋਸ਼ ਹੈ ਕਿ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ‘ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ‘ਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਨਿਰਾਦਰ ਕੀਤਾ। ਰੰਧਾਵਾ ਵੱਲੋਂ ਡਿਪਟੀ ਕਮਿਸ਼ਨਰ ਦੇ ਖਿਲਾਫ ਕੀਤੇ ਇਸ ਫੈਸਲੇ ਨੇ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਾਂਗਰਸੀ ਆਗੂਆਂ ਵਰਕਰਾਂ ਨੂੰ ਪੰਚਾਇਤੀ ਚੋਣਾਂ ਲਈ ਐਨਓਸੀ ਨਾ ਮਿਲਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਸੀਨੀਅਰ ਆਗੂਆਂ ਨੇ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਬਾਅਦ ਵਿੱਚ ਉਹ ਡੀਸੀ ਨੂੰ ਮਿਲਣ ਉਹਨਾਂ ਦੇ ਦਫਤਰ ਵਿੱਚ ਗਏ ਜਿੱਥੇ ਰੰਧਾਵਾ ਤੇ ਡੀਸੀ ਦੇ ਵਿਚਕਾਰ ਥੋੜੀ ਬਹਿਸ ਹੋਈ ਜਿਸ ਤੋਂ ਬਾਅਦ ਡੀਸੀ ਨੇ ਕਾਂਗਰਸੀ ਆਗੂਆਂ ਨੂੰ ਦਫਤਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ। ਇਸੇ ਦੌਰਾਨ ਕਾਂਗਰਸੀ ਆਗੂਆਂ ਤੇ ਡੀਸੀ ਵਿਚਕਾਰ ਸਿੱਧੀ ਤੂੰ-ਤੂੰ, ਮੈਂ-ਮੈਂ ਹੋਈ, ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਸਥਿਤੀ ਨੂੰ ਸ਼ਾਂਤ ਕਰਨ ਦਾ ਯਤਨ ਕਰਦੇ ਵੀ ਵੇਖੇ ਗਏ। ਇਸ ਸਾਰੇ ਘਟਨਾਕ੍ਰਮ ਦੀ ਇੱਕ ਵੀਡੀਓ ਕਲਿੱਪ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਡੀਸੀ ਦੇ ਰਵੱਈਏ ਦੇ ਖਿਲਾਫ ਸੁਖਜਿੰਦਰ ਸਿੰਘ ਰਧਾਵਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਉਹ ਡੀਸੀ ਦੇ ਖਿਲਾਫ ਵਿਸ਼ੇਸ਼ ਅਧਿਕਾਰ ਮਤਾ ਲਿਆਉਣਗੇ। ਰੰਧਾਵਾ ਤੇ ਡੀਸੀ ਦੇ ਵਿਚਕਾਰ ਬਹਿਸ ਹੋਣ ਸਮੇਂ ਦਫ਼ਤਰ ਵਿੱਚ ਐੱਸਪੀ (ਹੈੱਡਕੁਆਰਟਰ) ਜੁਗਰਾਜ ਸਿੰਘ, ਏਡੀਸੀ (ਵਿਕਾਸ) ਗੁਰਪ੍ਰੀਤ ਸਿੰਘ ਭੁੱਲਰ ਅਤੇ ਏਡੀਸੀ (ਜਨਰਲ) ਸੁਰਿੰਦਰ ਸਿੰਘ ਵੀ ਹਾਜ਼ਰ ਸਨ ਜਿਨਾਂ ਨੂੰ ਰੰਧਾਵਾ ਨੇ ਗਵਾਹ ਬਣਾਇਆ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਛੋਟਾਂ ਮਿਲਦੀਆਂ ਹਨ ਜੋ ਉਹਨਾਂ ਦੇ ਫ਼ਰਜ਼ਾਂ ਨੂੰ ਪੂਰਾ ਕਰਨ ਵਿੱਚ ਉਹਨਾਂ ਦੀ ਮਦਦ ਕਰਦੀਆਂ ਹਨ । ਇੱਕ ਵਿਸ਼ੇਸ਼ ਅਧਿਕਾਰ ਪ੍ਰਸਤਾਵ, ਸੰਸਦ ਮੈਂਬਰਾਂ ਦੁਆਰਾ ਚੁੱਕੀ ਜਾਣ ਵਾਲੀ ਇੱਕ ਰਸਮੀ ਸ਼ਿਕਾਇਤ ਹੈ ਜੋ ਉਹਨਾਂ ਦੇ ਅਧਿਕਾਰਾਂ, ਸ਼ਕਤੀਆਂ ਅਤੇ ਸਨਮਾਨ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਚੁਣੌਤੀ ਦਿੰਦੀ ਹੈ। ਆਪਣੇ ਐਲਾਨ ਦੇ ਮੁਤਾਬਿਕ ਜੇਕਰ ਸੁਖਜਿੰਦਰ ਰੰਧਾਵਾ ਆਪਣੇ ਵਿਸ਼ੇਸ਼ ਅਧਿਕਾਰ ਤਹਿਤ ਓਮਾ ਸ਼ੰਕਰ ਗੁਪਤਾ ਦੀ ਸ਼ਿਕਾਇਤ ਪਾਰਲੀਮੈਂਟ ਦੇ ਵਿੱਚ ਕਰਦੇ ਹਨ ਤਾਂ ਡੀਸੀ ਦੀਆਂ ਤਰੀਕਾਂ ਦਿੱਲੀ ਪੈਣਗੀਆਂ।