ਚੰਡੀਗੜ੍ਹ,8 ਅਗਸਤ, Gee98 news service
ਪੰਜਾਬ ‘ਚ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਦੀ ਜਥੇਬੰਦੀ ਨੇ ਅੱਜ ਦੁਪਹਿਰ ਬਾਅਦ ਹੜ੍ਹਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਜੇਕਰ ਆਪਣੇ ਐਲਾਨ ਮੁਤਾਬਿਕ ਸਰਕਾਰੀ ਬੱਸਾਂ ਦੇ ਕਰਮਚਾਰੀ ਅੱਜ ਹੜਤਾਲ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੰਦੇ ਹਨ ਤਾਂ ਰੱਖੜੀ ਤੋਂ ਇੱਕ ਦਿਨ ਪਹਿਲਾਂ ਆਮ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਰੋਡਵੇਜ਼, ਪੀ.ਆਰ.ਟੀ.ਸੀ. ਅਤੇ ਪਨਬੱਸ ਕੰਟਰੈਕਟ ਯੂਨੀਅਨ ਨੇ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਅੱਜ ਸਾਰੇ 27 ਡਿਪੂਆਂ ‘ਤੇ ਬੱਸਾਂ ਰੋਕੀਆਂ ਜਾਣਗੀਆਂ ਅਤੇ ਹੜ੍ਹਤਾਲ ਕੀਤੀ ਜਾਵੇਗੀ। ਯੂਨੀਅਨ ਦੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਅੱਜ ਦੁਪਹਿਰ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਦੁਪਹਿਰ ਤੋਂ ਬਾਅਦ ਸੂਬੇ ਦੇ ਸਾਰੇ 27 ਡਿਪੂਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ।