ਚੰਡੀਗੜ੍ਹ,8 ਅਗਸਤ, Gee98 news service
ਧੱਕੇਸ਼ਾਹੀ ਅਤੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਇੱਕ ਵਕੀਲ ਦਾ ਇੱਕ ਅਤਿ ਨਿੰਦਣਯੋਗ ਕਾਰਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਕੀਲ ਨੇ ਅੱਠਵੀਂ ਜਮਾਤ ਵੀ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਜਬਰਜਨਾਹ ਕੀਤਾ। ਇਹ ਮਾਮਲਾ ਤਰਨਤਰਨ ਨਾਲ ਸੰਬੰਧਿਤ ਹੈ ਜਿੱਥੋਂ ਦੇ ਗੋਲਡ ਐਵਨਿਊ ਦੇ ਵਾਸੀ ਵਕੀਲ ਗੁਰਨਾਮ ਸਿੰਘ ਨੇ ਇੱਕ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਨਾਬਾਲਿਗ ਲੜਕੀ ਨਾਲ ਜਬਰਜਨਾਹ ਕੀਤਾ। ਪੁਲਿਸ ਨੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਰਜੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਵਕੀਲ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜ੍ਹਤ ਲੜਕੀ ਦੇ ਅਦਾਲਤ ਵਿੱਚ ਬਿਆਨ ਦਰਜ ਹੋ ਚੁੱਕੇ ਹਨ ਅਤੇ ਮੈਡੀਕਲ ਵੀ ਕਰਵਾਇਆ ਗਿਆ ਹੈ। ਪੀੜ੍ਹਤ ਲੜਕੀ ਦੇ ਪਿਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਕੋਲ ਚੱਪਲਾਂ ਤੇ ਖਿਡੌਣੇ ਆਦਿ ਦੀ ਫੜ੍ਹੀ ਲਾਉਂਦਾ ਹੈ,ਉਸ ਦੇ ਸਾਹਮਣੇ ਵਕੀਲ ਗੁਰਨਾਮ ਸਿੰਘ ਨੇ ਦੁਕਾਨ ਕਿਰਾਏ ‘ਤੇ ਲਈ ਹੋਈ ਹੈ ਜਿੱਥੇ ਉਹ ਕਚਹਿਰੀ ਤੋਂ ਆਉਣ ਮਗਰੋਂ ਆਧਾਰ ਕਾਰਡ, ਫੋਟੋਸਟੇਟ, ਪੈਨ ਕਾਰਡ ਅਪਲਾਈ ਕਰਨ ਦਾ ਕੰਮ ਕਰਦਾ ਹੈ। ਉਸ ਦੀ 16 ਸਾਲਾ ਲੜਕੀ ਜੋ 8ਵੀਂ ਜਮਾਤ ਦੀ ਵਿਦਿਆਰਥਣ ਹੈ, ਪੜ੍ਹਾਈ ਉਪਰੰਤ ਉਨ੍ਹਾਂ ਦੀ (ਆਪਣੇ ਪਿਤਾ ਦੀ) ਦੁਕਾਨ ‘ਤੇ ਉਸ ਦਾ ਤੇ ਉਸ ਦੀ ਪਤਨੀ ਦਾ ਹੱਥ ਵਟਾਉਂਦੀ ਸੀ। ਇਸੇ ਦੌਰਾਨ ਦਸੰਬਰ ਮਹੀਨੇ ਦੇ ਆਸ-ਪਾਸ ਵਕੀਲ ਗੁਰਨਾਮ ਸਿੰਘ ਨੇ ਉਨ੍ਹਾਂ ਨੂੰ ਝਾਂਸੇ ‘ਚ ਲੈ ਕੇ ਉਸ ਦੀ ਲੜਕੀ ਨੂੰ ਆਪਣੀ ਦੁਕਾਨ ‘ਤੇ ਰੱਖ ਲਿਆ ਤੇ ਤਿੰਨ ਹਜ਼ਾਰ ਰੁਪਏ ਦੀ ਤਨਖ਼ਾਹ ਵੀ ਦੇਣ ਲੱਗਾ। ਛੁੱਟੀ ਤੋਂ ਬਾਅਦ ਉਸ ਦੀ ਲੜਕੀ ਦੁਕਾਨ ‘ਤੇ ਆਉਣ ਲੱਗੀ ਤਾਂ ਵਕੀਲ ਅਕਸਰ ਉਸ ਲਈ ਸੁਆਦੀ ਖਾਣੇ ਮੰਗਵਾਉਂਦਾ ਤੇ ਲੜਕੀ ਸਮੇਤ ਉਨ੍ਹਾਂ ਨੂੰ ਵੀ ਖੁਆਉਂਦਾ ਸੀ। ਫਿਰ ਨਾਬਾਲਗ ਲੜਕੀ ਦੇ ਭਵਿੱਖ ਨੂੰ ਉਜਵਲ ਬਣਾਉਣ ਦੇ ਨਾਂ ‘ਤੇ ਗੁਰਨਾਮ ਸਿੰਘ ਨੇ ਉਸ ਨੂੰ ਵਕੀਲ ਬਣਾਉਣ ਦੇ ਸੁਪਨੇ ਦਿਖਾਏ ਤੇ ਸਕੂਲ ਜਾਣੋ ਇਹ ਕਹਿ ਕੇ ਹਟਵਾ ਦਿੱਤਾ ਕਿ ਉਹ ਆਪ ਹੀ ਇਸ ਦੀ ਪੜ੍ਹਾਈ ਕਰਵਾ ਦੇਵੇਗਾ। ਜਿਸ ਤੋਂ ਬਾਅਦ ਸਾਰਾ ਦਿਨ ਉਸ ਦੀ ਲੜਕੀ ਵਕੀਲ ਦੀ ਦੁਕਾਨ ‘ਤੇ ਆਉਣ ਲੱਗ ਪਈ ਤੇ ਉਸ ਨੂੰ ਤਨਖ਼ਾਹ ਪੰਜ ਹਜ਼ਾਰ ਰੁਪਏ ਦੇਣ ਦੀ ਗੱਲ ਵੀ ਕਹੀ। ਜਿਸ ਤੋਂ ਬਾਅਦ ਉਸ ਦੀ ਲੜਕੀ ਸਾਰਾ ਦਿਨ ਉਸ ਦੀ ਦੁਕਾਨ ਸੰਭਾਲਣ ਲੱਗੀ। ਆਪਣਾ ਤਲਾਕ ਹੋਣ ਦੀ ਗੱਲ ਕਰ ਕੇ ਵਕੀਲ ਨੇ ਉਸ ਦੀ ਲੜਕੀ ਨੂੰ ਵਰਗਲਾ ਲਿਆ ਤੇ ਫਿਰ ਬਹਾਨੇ ਨਾਲ ਆਪਣੇ ਨਾਲ ਇਹ ਕਹਿ ਕੇ ਲੈ ਗਿਆ ਕਿ ਕੰਮ ਲਈ ਦਿੱਲੀ ਜਾਣਾ ਪਵੇਗਾ ਪਰ ਗੁਰਨਾਮ ਸਿੰਘ ਉਸ ਨੂੰ ਗੋਲਡਨ ਐਵੇਨਿਊ ਸਥਿਤ ਆਪਣੇ ਘਰ ਲੈ ਗਿਆ ਤੇ ਪੰਜ ਦਿਨ ਤੱਕ ਉਸ ਨਾਲ ਜਬਰ ਜਨਾਹ ਕਰਦਾ ਰਿਹਾ।
ਇਸ ਦੌਰਾਨ ਉਸ ਦੀ (ਵਕੀਲ ਦੀ) ਪਤਨੀ ਵੀ ਘਰ ਆ ਗਈ ਜਿਸ ਨੇ ਲੜਕੀ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਵਕੀਲ ਨੇ ਦੋ ਨਕਾਬਪੋਸ਼ਾਂ ਕੋਲੋਂ ਉਸ ਦੀ ਕੁੱਟਮਾਰ ਵੀ ਕਰਵਾਈ। ਵਕੀਲ ਦੇ ਜ਼ੁਲਮ ਦੀ ਹੱਦ ਉਦੋਂ ਹੋਈ ਜਦੋਂ ਵਕੀਲ ਪੀੜਤ੍ਹ ਦੇ ਘਰ ਆ ਕੇ ਡਰਾ ਧਮਕਾ ਕੇ ਪਰਿਵਾਰ ਨੂੰ ਧਮਕੀਆਂ ਦੇ ਕੇ ਘਰੇ ਵੀ ਜਬਰਜਨਾਹ ਕਰਦਾ ਰਿਹਾ। ਜਿਸ ਦੀ ਇੱਕ ਵੀਡੀਓ ਵੀ ਪਰਿਵਾਰ ਨੇ ਮੋਬਾਈਲ ‘ਤੇ ਬਣਾਈ, ਜੋ ਉਨ੍ਹਾਂ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਸੌਂਪ ਦਿੱਤੀ। ਪੁਲਿਸ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਗੁਰਨਾਮ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ,ਮਾਮਲੇ ਦੀ ਅਗਲੀ ਜਾਂਚ ਸਬ-ਇੰਸਪੈਕਟਰ ਕਿਰਨਪਾਲ ਕੌਰ ਵੱਲੋਂ ਕੀਤੀ ਜਾ ਰਹੀ ਹੈ।