ਚੰਡੀਗੜ੍ਹ, 24 ਅਗਸਤ- ਰਿਸ਼ਤਿਆਂ ਨੂੰ ਤਾਰ-ਤਾਰ ਅਤੇ ਸ਼ਰਮਸਾਰ ਕਰਨ ਵਾਲੇ ਬਲਾਤਕਾਰ ਦੇ ਇੱਕ ਮਾਮਲੇ ‘ਚ ਹਰਿਆਣਾ ਦੇ ਹਿਸਾਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਇੱਕ 50 ਸਾਲਾ ਵਿਅਕਤੀ ਨੂੰ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 25 ਸਾਲ ਦੀ ਸਜ਼ਾ ਅਤੇ 25,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਵਧੀਕ ਸੈਸ਼ਨ ਜੱਜ ਰਾਜੇਸ਼ ਕੁਮਾਰ ਮਹਿਤਾ ਨੇ 19 ਅਗਸਤ ਨੂੰ ਇਸ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ 22 ਨੂੰ ਸਜ਼ਾ ਲਈ ਤਰੀਕ ਮੁਕੱਰਰ ਕੀਤੀ ਸੀ। ਇਹ ਮੰਦਭਾਗੀ ਘਟਨਾ 2018 ਦੀ ਹੈ ਜਦ ਪੀੜ੍ਹਤ ਲੜਕੀ 15 ਸਾਲ ਦੀ ਸੀ ਅਤੇ 11ਵੀਂ ਜਮਾਤ ‘ਚ ਪੜ੍ਹਦੀ ਸੀ। ਉਸ ਦਾ ਪਿਤਾ ਸ਼ਰਾਬ ਪੀਂਦਾ ਸੀ ਅਤੇ ਆਪਣੀ ਮਾਂ ਨਾਲ ਲੜਾਈ-ਝਗੜਾ ਕਰਦਾ ਸੀ, ਜਿਸ ਕਾਰਨ ਉਸ ਦੀ ਮਾਂ ਘਰ ਛੱਡ ਕੇ ਰਾਜਸਥਾਨ ਵਿਚ ਆਪਣੇ ਮਾਤਾ-ਪਿਤਾ ਨਾਲ ਰਹਿਣ ਲੱਗ ਪਈ ਸੀ। ਸ਼ਿਕਾਇਤ ਵਿੱਚ ਪੀੜਤਾ ਨੇ ਦੋਸ਼ ਲਾਇਆ ਕਿ 11 ਜੂਨ 2018 ਨੂੰ ਉਸ ਦੇ ਪਿਤਾ ਨੇ ਸ਼ਰਾਬ ਦੇ ਨਸ਼ੇ ਵਿੱਚ ਉਸ ਨਾਲ ਬਲਾਤਕਾਰ ਕੀਤਾ। ਇਕ ਦਿਨ ਲੜਕੀ ਦੇ ਪੇਟ ਵਿਚ ਦਰਦ ਹੋਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਗਰਭਵਤੀ ਹੈ। ਫਿਰ ਉਸ ਨੂੰ ਜ਼ਬਰਦਸਤੀ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ ਗਈਆਂ। ਜਦੋਂ ਲੜਕੀ ਦੀ ਮਾਂ ਵਾਪਸ ਆਈ ਤਾਂ ਪੀੜ੍ਹਤਾ ਨੇ ਉਸ ਨੂੰ ਸਾਰੀ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਪੀੜਤਾ ਨੇ ਥਾਣੇ ਜਾ ਕੇ ਆਪਣੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ IPC ਦੀ ਧਾਰਾ 376 ਅਤੇ 313 (ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭਪਾਤ) ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।