ਚੰਡੀਗੜ੍ਹ,17 ਦਸੰਬਰ, Gee98 news service
-ਪੰਜਾਬ ਦੇ ਸਿੱਖਿਆ ਵਿਭਾਗ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਬਿਨਾਂ ਛੁੱਟੀ ਲਏ ਕਿਸੇ ਹੜਤਾਲ ਜਾਂ ਅੰਦੋਲਨ ਵਿੱਚ ਭਾਗ ਲੈਣ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਅਧਿਕਾਰਤ ਛੁੱਟੀ ਦੇ ਕਿਸੇ ਹੜਤਾਲ ਜਾਂ ਅੰਦੋਲਨ ਵਿੱਚ ਭਾਗ ਲੈਣ ਵਾਲੇ ਕਿਸੇ ਵੀ ਮੁਲਾਜ਼ਮ/ ਅਧਿਆਪਕ ਦੇ ਖ਼ਿਲਾਫ਼ “ਕੰਮ ਨਹੀਂ ਤਾਂ ਤਨਖਾਹ ਨਹੀਂ” ਦਾ ਨਿਯਮ ਲਾਗੂ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕੁਝ ਅਧਿਆਪਕ ਜਥੇਬੰਦੀਆਂ ਦੇ ਆਗੂ ਬਿਨਾਂ ਛੁੱਟੀ ਲਏ ਕਿਸਾਨ ਅੰਦੋਲਨ ਵਿੱਚ ਜਾ ਰਹੇ ਹਨ ਜਿਸ ਕਰਕੇ ਇਹ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੈੱਡ ਆਫਿਸ, ਫੀਲਡ ਆਫਿਸ ਅਤੇ ਸਕੂਲਾਂ ਦੇ ਕੰਮ-ਕਾਜ ਪ੍ਰਭਾਵਿਤ ਹੋ ਰਹੇ ਹਨ।