ਚੰਡੀਗੜ੍ਹ,17 ਨਵੰਬਰ, Gee98 news service
-ਪੰਜਾਬ ‘ਚ ਆਮ ਆਦਮੀ ਕਲੀਨਿਕਾਂ ਦੇ ਨਾਮ ਬਦਲਣ ਤੋਂ ਬਾਅਦ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਾਮ ਵੀ ਬਦਲ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ 233 ਸਕੂਲਾਂ ਦਾ ਨਾਮ ਬਦਲਿਆ ਜਾਵੇਗਾ ਇਹ ਉਹ ਸਕੂਲ ਹਨ ਜਿਨਾਂ ਨੂੰ ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ (ਪੀਐੱਮ ਸ਼੍ਰੀ) ਸਕੀਮ ਤਹਿਤ ਚੁਣਿਆ ਗਿਆ ਹੈ। ਪੀਐਮ ਸ਼੍ਰੀ ਸਕੂਲ ਸਕੀਮ ਨਾਲ ਜੁੜਨ ਤੋਂ ਬਾਅਦ ਇਹਨਾਂ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾਵੇਗੀ। ਹੁਣ ਸਾਰੇ ਸਕੂਲਾਂ ਦੇ ਨਾਂ ਨਾਲ ਪੀਐਮ ਸ਼੍ਰੀ ਜੋੜਿਆ ਜਾਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਯੋਜਨਾ ਵਿੱਚ ਸਾਰੇ 23 ਜ਼ਿਲ੍ਹਿਆਂ ਦੇ ਸਕੂਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਕੀਮ ਤਹਿਤ ਹਰੇਕ ਬਲਾਕ ਵਿੱਚੋਂ ਇੱਕ ਪ੍ਰਾਇਮਰੀ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਫਰਨੀਚਰ, ਆਊਟਡੋਰ ਖੇਡਾਂ ਦਾ ਸਾਮਾਨ, ਸਮਾਰਟ ਕਲਾਸਰੂਮ ਅਤੇ ਕੰਪਿਊਟਰ ਲੈਬ ਸਮੇਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੀਐਮ ਸ਼੍ਰੀ ਸਕੂਲ ਸਕੀਮ ਤਹਿਤ ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 27360 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਹ ਪੰਜ ਸਾਲਾਂ ਲਈ ਹੈ। ਇਸ ਵਿੱਚ ਕੇਂਦਰ ਸਰਕਾਰ ਦਾ ਬਜਟ 18128 ਕਰੋੜ ਰੁਪਏ ਹੋਵੇਗਾ। ਜਦੋਂ ਕਿ ਬਾਕੀ ਰਕਮ ਦੂਜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫੰਡਾਂ ਤੋਂ ਖਰਚ ਕੀਤੀ ਜਾਣੀ ਹੈ। ਧਿਆਨਦੇਣ ਯੋਗ ਹੈ ਕਿ ਇਹਨਾਂ ਸਕੂਲਾਂ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2022 ਦੇ ਮੂਲ ਸਿਧਾਂਤ ਸਕੂਲਾਂ ਵਿੱਚ ਲਾਗੂ ਕੀਤੇ ਜਾਣਗੇ।