ਬਰਨਾਲਾ 26 ਜੁਲਾਈ ( ਨਿਰਮਲ ਸਿੰਘ ਪੰਡੋਰੀ )-ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਬਰਨਾਲਾ ਬਲਾਕ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਸਬੰਧੀ ਵਿਸ਼ੇਸ਼ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੱਡੀ ਗਿਣਤੀ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਬਲਾਕ ਬਰਨਾਲਾ ਦੇ ਪਿੰਡਾਂ ‘ਚ ਕਰਵਾਏ ਜਾ ਰਹੇ ਥਾਪਰ ਮਾਡਲ ‘ਤੇ ਆਧਾਰਤ ਛੱਪੜਾਂ ਦੇ ਨਵੀਨੀਕਰਨ, ਲਾਇਬ੍ਰੇਰੀਆਂ, ਸਪੋਰਟਸ ਪਾਰਕ ਅਤੇ ਪੰਚਾਇਤ ਭਵਨ ਦੀ ਉਸਾਰੀ ਦਾ ਕੰਮ ਸਮੇਂ ਸਿਰ ਅਤੇ ਮਿਆਰੀ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ । ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਜਲੂਰ, ਫਰਵਾਹੀ, ਠੁੱਲ੍ਹੇਵਾਲ, ਰੂੜੇਕੇ ਕਲਾਂ ਅਤੇ ਅਸਪਾਲ ਕਲਾਂ ਵਿਖੇ ਛੱਪੜਾਂ ਦਾ ਥਾਪਰ ਮਾਡਲ ਦੇ ਆਧਾਰ ‘ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਕੁੱਲ 176 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਪਿੰਡਾਂ ‘ਚ ਕੰਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ ਪਿੰਡ ਠੁੱਲ੍ਹੇਵਾਲ ਅਤੇ ਰੂੜੇਕੇ ਦਾ ਕੰਮ ਜਾਰੀ ਹੈ ਅਤੇ ਬਾਕੀ ਪਿੰਡਾਂ ਦੇ ਮੁਕੰਮਲ ਹੋ ਚੁੱਕੇ ਹਨ ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁੱਲ 7 ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾਣੀ ਸੀ,ਜਿਸ ਵਿਚੋਂ ਕੱਟੂ ਅਤੇ ਕਾਲੇਕੇ ਵਿਖੇ ਕੰਮ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਪਿੰਡ ਫਰਵਾਹੀ, ਰਾਮਗੜ੍ਹ, ਬਡਬਰ, ਨੰਗਲ ਤੇ ਰੂੜੇਕੇ ਕਲਾਂ ਵਿਖੇ ਪ੍ਰਤੀ ਪਿੰਡ 40 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀਆਂ ਬਣ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਬਲਾਕ ਦੇ 9 ਪਿੰਡਾਂ ‘ਚ ਸਪੋਰਟਸ ਪਾਰਕ ਬਣਾਏ ਜਾਣੇ ਸਨ, ਜਿਨ੍ਹਾਂ ਵਿਚੋਂ ਸਿਰਫ ਜਲੂਰ ਦਾ ਕੰਮ ਰਹਿੰਦਾ ਹੈ । ਇਸ ਤੋਂ ਇਲਾਵਾ ਪਿੰਡ ਭੈਣੀ ਮਹਿਰਾਜ, ਨੰਗਲ, ਹਰੀਗੜ੍ਹ, ਸੇਖਾ, ਖੁੱਡੀ ਕਲਾਂ, ਬਡਬਰ, ਕਰਮਗੜ੍ਹ ਅਤੇ ਮਨਾਲ ਵਿਖੇ ਇਸ ਸਪੋਰਟਸ ਪਾਰਕ ਲਗਭਗ ਬਣ ਕੇ ਤਿਆਰ ਹਨ । ਇਨ੍ਹਾਂ ਤੋਂ ਇਲਾਵਾ ਪਿੰਡ ਨੰਗਲ, ਭੈਣੀ ਮਹਿਰਾਜ, ਜਲੂਰ, ਬਡਬਰ, ਸੇਖਾ, ਬਿਲਾਸਪੁਰ ਪਿੰਡੀ, ਬਦਰਾ ਅਤੇ ਪੱਖੋਂ ਕਲਾਂ ਵਿਖੇ ਪੰਚਾਇਤ ਘਰ ਬਣਾਏ ਜਾਣੇ ਹਨ ਜਿਨ੍ਹਾਂ ਵਿਚੋਂ ਪਿੰਡ ਜਲੂਰ ਅਤੇ ਬਿਲਾਸਪੁਰ ਪਿੰਡੀ ਵਿਖੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੀਰੂ ਗਰਗ ਨੇ ਦੱਸਿਆ ਕਿ ਮਨਰੇਗਾ ਰਾਹੀਂ ਬਰਨਾਲਾ ਬਲਾਕ ‘ਚ 70 ਥਾਵਾਂ ਉੱਤੇ ਛਤਾਂ ਵਾਲਾ ਬਾਰਿਸ਼ ਦਾ ਪਾਣੀ ਧਰਤੀ ਹੇਠ ਪਾ ਕੇ ਰੀਚਾਰਜ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਦੀਪ ਸਿੰਘ, ਵੀਡੀਓਜ਼, ਵੱਖ ਵੱਖ ਪੰਚਾਇਤ ਸਕੱਤਰ ਤੇ ਹੋਰ ਅਧਿਕਾਰੀ ਮੌਜੂਦ ਸਨ।