-ਭਗਵੰਤ ਮਾਨ ਦੀ ਬੇਟੀ ਨੂੰ ਫ਼ੋਨ ‘ਤੇ ਕੱਢੀਆਂ ਗੰਦੀਆਂ ਗਾਲ਼ਾਂ
ਚੰਡੀਗੜ੍ਹ 30 ਮਾਰਚ ( ਜੀ98 ਨਿਊਜ਼ ਸਰਵਿਸ )-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ਰਹਿੰਦੀ ਪਹਿਲੀ ਪਤਨੀ ਅਤੇ ਬੱਚਿਆਂ ਨੂੰ ਫੋਨ ‘ਤੇ ਧਮਕੀਆਂ ਦੇਣ ਅਤੇ ਗੰਦੀਆਂ ਗਾਲਾਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ । ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੇ ਜਾਣ ਤੋਂ ਬਾਅਦ ਭਗਵੰਤ ਮਾਨ ਦੇ ਵਿਦੇਸ਼ ਰਹਿੰਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਪੰਜਾਬ ‘ਚ ਇਹ ਮਸਲਾ ਭਗਵੰਤ ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਦੀ ਦੋਸਤ ਐਡਵੋਕੇਟ ਹਰਮੀਤ ਕੌਰ ਬਰਾੜ ਪਟਿਆਲਾ ਨੇ ਫੇਸਬੁੱਕ ਪੋਸਟ ਰਾਹੀਂ ਸਾਹਮਣੇ ਲਿਆਂਦਾ ਹੈ । ਐਡਵੋਕੇਟ ਬਰਾੜ ਨੇ ਕਿਹਾ ਕਿ ਅਮਰੀਕਾ ਵਿੱਚ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਮਤਾ ਵੀ ਪਾਸ ਕੀਤਾ ਗਿਆ ਹੈ ਕਿ ਭਗਵੰਤ ਮਾਨ ਦੇ ਬੱਚਿਆਂ ਨੂੰ ਘੇਰਿਆ ਜਾਵੇ। ਐਡਵੋਕੇਟ ਬਰਾੜ ਨੇ ਕਿਹਾ ਕਿ 18 ਮਾਰਚ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਪੰਜਾਬ ‘ਚ ਪੈਦਾ ਹੋਏ ਹਾਲਾਤਾਂ ਦਾ ਸੇਕ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਨੂੰ ਝੱਲਣਾ ਪੈ ਰਿਹਾ ਹੈ ਜਦ ਕਿ ਉਨ੍ਹਾਂ ਦਾ ਅਜੋਕੇ ਦੌਰ ‘ਚ ਭਗਵੰਤ ਮਾਨ ਦੇ ਨਾਲ ਕੋਈ ਰਿਸ਼ਤਾ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਨੂੰ ਫੋਨ ‘ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ ‘ਤੇ ਗੰਦੀਆ ਗਾਲਾਂ ਵੀ ਕੱਢੀਆਂ ਗਈਆਂ ਹਨ । ਪੰਜਾਬ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਇਸ ਵਰਤਾਰੇ ਨੂੰ ਗ਼ਲਤ ਦੱਸਦੇ ਹੋਏ ਇਸ ਨੂੰ ਪੰਜਾਬੀਅਤ ਸੁਭਾਅ ਦੇ ਉਲਟ ਦੱਸਿਆ ਹੈ । ਐਡਵੋਕੇਟ ਹਰਮੀਤ ਕੌਰ ਬਰਾੜ ਨੇ ਇਹ ਵੀ ਦੱਸਿਆ ਕਿ ਵਾਰ ਵਾਰ ਧਮਕੀਆਂ ਮਿਲਣ ਤੋਂ ਬਾਅਦ ਬੇਟੇ ਦਿਲਸ਼ਾਨ ਨੇ ਭਗਵੰਤ ਮਾਨ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਮਾਮਲਾ ਭਾਰਤੀ ਅੰਬੈਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਫਿਰ ਭਾਰਤੀ ਹਾਈ ਕਮਿਸ਼ਨਰ ਨੇ ਭਗਵੰਤ ਮਾਨ ਦੀ ਸਾਬਕਾ ਪਤਨੀ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ।