-ਬੱਚਿਆਂ ਨੇ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਕੀਤਾ ਟ੍ਰੈਫਿਕ ਜਾਮ
–ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਪ੍ਰਿੰਸੀਪਲ ਸਮੇਤ ਬਦਲੇ ਚਾਰ ਅਧਿਆਪਕ
ਬਰਨਾਲਾ, 04 ਨਵੰਬਰ (ਨਿਰਮਲ ਸਿੰਘ ਪੰਡੋਰੀ) :
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੇ ਪ੍ਰਿੰਸੀਪਲ ਸਮੇਤ ਤਿੰਨ ਅਧਿਆਪਕਾਂ ਦੀਆਂ ਬਦਲੀਆਂ ਕੀਤੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਖ਼ਾਸ ਕਰਕੇ ਸਕੂਲ ਦੇ ਵਿਦਿਆਥੀਆਂ ਨੇ ਸਖ਼ਤ ਰੀਐਕਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰਮਨਦੀਪ ਸਿੰਘ, ਮੈਥ ਟੀਚਰ ਸੁਖਦੀਪ ਕੌਰ, ਸਮਾਜਿਕ ਸਿੱਖਿਆ ਟੀਚਰ ਬਲਜੀਤ ਸਿੰਘ ਅਤੇ ਹਰਜੀਤ ਸਿੰਘ ਕੰਪਿਊਟਰ ਅਧਿਆਪਕ ਦੀ ਸਰਕਾਰ ਵੱਲੋਂ ਬਦਲੀ ਕੀਤੇ ਜਾਣ ਤੋਂ ਖਫ਼ਾ ਹੋਏ ਵਿਦਿਆਰਥੀਆਂ ਨੇ ਸਕੂਲ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਅਧਿਆਪਕਾਂ , ਪੰਚਾਇਤ ਅਤੇ ਪਿੰਡ ਵਿੱਚ ਅਜੀਬ ਸਥਿਤੀ ਪੈਦਾ ਹੋ ਗੲਂੀ ਕਿਉਂਕਿ ਬੱਚਿਆਂ ਨੇ ਸਾਰੇ ਮੋਹਤਬਰ ਵਿਅਕਤੀਆਂ ਵੱਲੋਂ ਸਮਝਾਉਣ ਦੇ ਬਾਵਜੂਦ ਵੀ ਧਰਨੇ ਤੋਂ ਉਠਣ ਤੋਂ ਨਾਂਹ ਕਰ ਦਿੱਤੀ । ਪਿੰਡ ਵਾਸੀਆਂ ਨੇ ਬੱਚਿਆਂ ਨੂੰ ਯਕੀਨ ਦਿਵਾਇਆ ਕਿ ਬਦਲੇ ਗਏ ਅਧਿਆਪਕਾਂ ਨੂੰ ਯਤਨ ਕਰਕੇ ਵਾਪਸ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਬੱਚਿਆਂ ਨੇ ਧਰਨਾ ਖ਼ਤਮ ਕੀਤਾ। ਦੂਜੇ ਪਾਸੇ ਇਨਾਂ ਅਧਿਆਪਕਾਂ ਦੀਆਂ ਬਦਲੀਆਂ ਨਾਲ ਸੰਬੰਧਿਤ ਇੱਕ ਦੁੱਖ਼ਦ ਖ਼ਬਰ ਹੈ ਬਦਲੀਆਂ ਤੋਂ ਨਿਰਾਸ਼ ਹੋ ਕੇ 12ਵੀਂ ਕਲਾਸ ਦੀ ਇੱਕ ਵਿਦਿਆਰਥਣ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜੋ ਸ਼ੇਰਪੁਰ ਸਰਕਰੀ ਹਸਪਤਾਲ ਜੇਰੇ ਇਲਾਜ ਹੈ। ਮੌਕੇ ਦੀ ਨਜ਼ਾਕਤ ਅਤੇ ਬੱਚਿਆਂ ਦੇ ਰੋਸ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਕਿਸਾਨ ਯੂਨੀਅਨਾਂ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਬਦਲੀ ਕੀਤੇ ਅਧਿਆਪਕਾਂ ਨੂੰ ਵਾਪਸ ਹਮੀਦੀ ਸਕੂਲ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸਾਬਕਾ ਸਰਪੰਚ ਨਾਥ ਸਿੰਘ ਹਮੀਦੀ , ਪੰਚ ਜਸਵਿੰਦਰ ਸਿੰਘ ਮਾਂਗਟ, ਬੀਕੇਯੂ ਉਗਰਾਹਾਂ ਦੇ ਆਗੂ ਬਲਰਾਜ ਸਿੰਘ , ਡਾ. ਬਲਵੰਤ ਰਾਏ ਸ਼ਰਮਾ, ਜਗਜੀਤ ਸਿੰਘ ਸਰਾਂ, ਗੁਰਪ੍ਰਕਾਸ਼ ਸਿੰਘ ਠੁੱਲੀਵਾਲ ਨੇ ਕਿਹਾ ਕਿ ਇੱਕੋ ਸਮੇਂ ਤਿੰਨ-ਤਿੰਨ ਅਧਿਆਪਕਾਂ ਦੀਆਂ ਬਦਲੀਆਂ ਕੀਤੇ ਜਾਣ ਦੀ ਨੀਤੀ ਸਮਝ ਤੋਂ ਬਾਹਰ ਹੈ । ਉਨ੍ਹਾਂ ਕਿਹਾ ਕਿ ਪਿੰਡ ਅਤੇ ਸਕੂਲ ਦਾ ਮਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਿੱਖਿਆ ਮੰਤਰੀ ਤੱਕ ਬੱਚਿਆਂ ਦੀ ਭਾਵਨਾਵਾਂ ਬਾਰੇ ਦੱਸਿਆ ਜਾਵੇਗਾ ਫਿਰ ਵੀ ਜੇਕਰ ਇਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਰੱਦ ਨਾ ਹੋਈਆਂ ਤਾਂ ਤਿੱਖਾ ਸੰਘਰਸ਼ ਵੀ ਕੀਤਾ ਜਾਵੇਗਾ। ਇਸ ਸੰਬੰਧੀ ਜਦ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਪਿੰਡ ਵਾਸੀਆਂ ਅਤੇ ਬੱਚਿਆਂ ਦੀ ਮੰਗ ਅਨੁਸਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।
