ਬਰਨਾਲਾ,3 ਫਰਵਰੀ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਤੋਂ ਸੇਖਾ ਰੋਡ ‘ਤੇ ਪੈਟਰੋਲ ਪੰਪ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਪਤੀ ਪਤਨੀ ਨੂੰ ਕਬਾੜ ਨਾਲ ਭਰੇ ਇੱਕ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਪਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਪਤਨੀ ਜ਼ਖ਼ਮੀ ਹੋ ਗਈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪੁਲਿਸ ਪਾਰਟੀ ਸਮੇਤ ਪੁੱਜੇ ਥਾਣਾ ਸਦਰ ਬਰਨਾਲਾ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਂਟਰ ਬਰਨਾਲਾ ਤੋਂ ਸੇਖਾ ਵੱਲ ਜਾ ਰਿਹਾ ਸੀ ਜਦਕਿ ਪਤੀ ਪਤਨੀ ਸੇਖਾ ਤੋਂ ਬਰਨਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਕੈਂਟਰ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਵਿੱਚ ਮੋਟਰਸਾਈਕਲ ਸਵਾਰ ਹਰਵਿੰਦਰ ਸਿੰਘ ਉਮਰ 45 ਪੁੱਤਰ ਚੰਦ ਸਿੰਘ ਵਾਸੀ ਪਿੰਡ ਈਨਾ ਬਾਜਵਾ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਸਖ਼ਤ ਜ਼ਖ਼ਮੀ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪਿੰਡ ਵਾਸੀ ਮੌਕੇ ’ਤੇ ਇਕੱਤਰ ਹੋ ਗਏ ਜਿਨ੍ਹਾਂ ਨੇ ਸ਼ਰਾਬੀ ਹਾਲਤ ’ਚ ਡਰਾਇਵਰ ਨੂੰ ਕੈਂਟਰ ’ਚੋਂ ਬਾਹਰ ਕੱਢ ਕੇ ਉਸ ਦੀ ਖੂਬ ਛਿੱਤਰ ਪਰੇਡ ਕਰਦਿਆਂ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਹਰਵਿੰਦਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕੈਂਟਰ ਚਾਲਕ ਸੰਦੀਪ ਕੁਮਾਰ ਵਾਸੀ ਜੈਤੋ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੋਟੋ ਕੈਪਸ਼ਨ- ਘਟਨਾ ਸਥਾਨ ‘ਤੇ ਮ੍ਰਿਤਕ ਦੀ ਲਾਸ਼