-ਬਾਲ ਕਮਿਸ਼ਨ ਨੇ ਵੀ ਡੀਸੀ, ਐਸਐਸਪੀ ਨੂੰ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਚੰਡੀਗੜ੍ਹ,3 ਫਰਵਰੀ, Gee98 News service
-ਇੱਕ ਗੋਦ ਲਏ ਨਬਾਲਿਗ ਬੱਚੇ ‘ਤੇ ਬੇਰਹਿਮ ਤਸ਼ੱਦਦ ਕਰਨ ਵਾਲੀ ਇੱਕ ਔਰਤ ਦੇ ਖ਼ਿਲਾਫ਼ ਪਟਿਆਲਾ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਨੇ ਵੀ ਪਟਿਆਲਾ ਵਿੱਚ 10 ਸਾਲ ਦੇ ਬੱਚੇ ‘ਤੇ ਤਸ਼ੱਦਦ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ।” ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਐਫ਼ਆਈਆਰ ਦਰਜ ਕੀਤੀ ਹੈ। ਚੇਅਰਮੈਨ ਨੇ ਅੱਗੇ ਕਿਹਾ ਕਿ ਹੁਣ ਗੋਦ ਲੈਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ। ਸਾਡੀ ਟੀਮ ਪਟਿਆਲਾ ਜਾ ਰਹੀ ਹੈ। ਮਾਮਲੇ ਵਿੱਚ ਨਾਬਾਲਗ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਵਿਭਾਗਾਂ ਤੋਂ ਜਵਾਬ ਮੰਗੇ ਗਏ ਹਨ। ਘਟਨਾ ਦੇ ਵੇਰਵੇ ਅਨੁਸਾਰ ਐਤਵਾਰ ਨੂੰ ਪਟਿਆਲਾ ਦੀ ਰਿਸ਼ੀ ਕਲੋਨੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਨਾਲ ਰੱਖੇ 10 ਸਾਲਾ ਲੜਕੇ ਜਸਕਰਨ ਨੂੰ ਬੇਰਹਿਮੀ ਨਾਲ ਕੁੱਟਿਆ, ਉਸ ਨੂੰ ਬਿਨਾਂ ਛੱਤ ਵਾਲੇ ਕਮਰੇ ਵਿੱਚ ਰੱਖਿਆ ਅਤੇ ਤਸੀਹੇ ਦਿੱਤੇ ਅਤੇ ਗਰਮ ਪ੍ਰੈੱਸ ਨਾਲ ਉਸ ਦਾ ਚਿਹਰਾ ਜਲਾ ਕੇ ਤਸੀਹੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦਾ ਸਿਰਫ਼ ਇੰਨਾ ਦੋਸ਼ ਸੀ ਕਿ ਉਸ ਨੇ ਗੈਸ ਦਾ ਰੈਗੂਲੇਟਰ ਚਾਲੂ ਛੱਡ ਦਿੱਤਾ ਸੀ। ਬੱਚੇ ‘ਤੇ ਇਸ ਜ਼ੁਲਮ ਦਾ ਪਤਾ ਲੱਗਦੇ ਹੀ ‘ਆਪਣਾ ਫ਼ਰਜ਼ ਸੇਵਾ ਸੋਸਾਇਟੀ’ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਿਸ ਤੋਂ ਬਾਅਦ ਸਤਪਾਲ ਸਿੰਘ ਦੇ ਬਿਆਨ ਦੇ ਆਧਾਰ ‘ਤੇ, ਅਰਬਨ ਅਸਟੇਟ ਪੁਲਿਸ ਸਟੇਸ਼ਨ ਨੇ ਮਹਾਵਰੀ ਪਾਰਕ ਜੈਤੋਂ ਦੀ ਰਹਿਣ ਵਾਲੀ ਔਰਤ ਮਨੀ ਸ਼ਰਮਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੜਤਾਲ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਫਰੀਦਕੋਟ ਤੋਂ ਪਟਿਆਲਾ ਆਈ ਮਨੀ ਸ਼ਰਮਾ ਨਾਮ ਦੀ ਇੱਕ ਔਰਤ ਨੇ ਇੱਕ ਸਾਲ ਪਹਿਲਾਂ ਬੱਚੇ ਨੂੰ ਗੋਦ ਲਿਆ ਸੀ। ਜਿਸ ਔਰਤ ਨੇ ਸ਼ੁਰੂ ਵਿੱਚ ਬੱਚੇ ਨੂੰ ਮਾਂ ਵਾਂਗ ਪਿਆਰ ਕਰਨ ਦਾ ਵਾਅਦਾ ਕੀਤਾ ਸੀ, ਉਸ ਨੇ ਬਾਅਦ ਵਿੱਚ ਬੱਚੇ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਔਰਤ ਨੇ ਬੱਚੇ ਨੂੰ ਸਕੂਲ ਵਿੱਚ ਵੀ ਦਾਖ਼ਲ ਨਹੀਂ ਕਰਵਾਇਆ ਸੀ, ਸਗੋਂ ਉਸ ਤੋਂ ਘਰ ਦਾ ਕੰਮ ਵੀ ਕਰਵਾਇਆ। ਜੇਕਰ ਬੱਚਾ ਕੰਮ ਨਹੀਂ ਕਰਦਾ ਸੀ, ਤਾਂ ਉਸ ਨੂੰ ਬੈਲਟ ਨਾਲ ਕੁੱਟਿਆ ਜਾਂਦਾ ਸੀ। ਹਾਲਾਤ ਉਦੋਂ ਹੋਰ ਵੀ ਵਿਗੜ ਗਏ ਜਦੋਂ ਗੁਆਂਢੀਆਂ ਨੇ ਕੁੱਤੇ ਦੇ ਭੌਂਕਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਔਰਤ ਨੇ ਬੱਚੇ ਦੇ ਗੱਲ੍ਹ ‘ਤੇ ਗਰਮ ਪ੍ਰੈੱਸ ਲਗਾ ਦਿੱਤੀ। ਇੰਨਾ ਹੀ ਨਹੀਂ, ਜਦੋਂ ਬੱਚੇ ਨੂੰ ਕੁੱਟਿਆ ਜਾ ਰਿਹਾ ਸੀ, ਤਾਂ ਉਸ ਦਾ ਸਿਰ ਕੰਧ ਨਾਲ ਟਕਰਾ ਗਿਆ ਪਰ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਆਖਰ ਇੱਕ ਦਿਨ ਇਸ ਜ਼ੁਲਮੀ ਔਰਤ ਦੇ ਜ਼ੁਲਮ ਦਾ ਅੰਤ ਹੋਇਆ ਤੇ ਹੁਣ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ। ਬਾਲ ਸੁਰੱਖਿਆ ਕਮਿਸ਼ਨ ਨੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।