ਬਰਨਾਲਾ,8 ਜੁਲਾਈ ( ਨਿਰਮਲ ਸਿੰਘ ਪੰਡੋਰੀ )-
-ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਸੂਬੇ ਦੀ ਉਪਜਾਊ ਜ਼ਮੀਨ ‘ਤੇ ਧੱਕੇ ਨਾਲ ਕਬਜ਼ਾ ਕਰਕੇ ਆਪਣੇ ਚਹੇਤੇ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ ਤਾਂ ਜੋ ਸੂਬੇ ਦੇ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਉਹਨਾਂ ਦੇ ਪੱਕੇ ਰੁਜ਼ਗਾਰ ਤੋਂ ਵਾਂਝਾ ਕੀਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਆਪਣੀ ਬਰਨਾਲਾ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਢਿੱਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਇਸ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਇੱਕ ਵਿਸਵਾ ਵੀ ਜ਼ਮੀਨ ਅਕਵਾਇਰ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਆਪ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਸੂਬੇ ਦੇ ਕਿਸਾਨਾਂ ਨੂੰ ਬਰਬਾਦ ਕਰ ਦੇਵੇਗੀ ਕਿਉਂਕਿ ਇਸ ਨੀਤੀ ਤਹਿਤ ਸਰਕਾਰ ਹਜ਼ਾਰਾਂ ਏਕੜ ਪੰਜਾਬ ਜ਼ਮੀਨ ਹੜੱਪਣਾ ਚਾਹੁੰਦੀ ਹੈ। ਢਿੱਲੋਂ ਨੇ ਕਿਹਾ ਕਿ ਇਸ ਨੀਤੀ ਨਾਲ ਸਿਰਫ਼ ਕਿਸਾਨਾਂ ਨੂੰ ਹੀ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਪਰਿਵਾਰਾਂ ਨੂੰ ਵੀ ਵੱਡੀ ਆਰਥਿਕ ਸੱਟ ਵੱਜੇਗੀ। ਸੂਬੇ ਦੀ ਭਗਵੰਤ ਮਾਨ ਸਰਕਾਰ ‘ਤੇ ਸ਼ਬਦੀ ਹਮਲੇ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਪੰਜਾਬ ਨੂੰ ਹਰ ਮੁਹਾਜ਼ ‘ਤੇ ਲੁੱਟਿਆ ਜਾ ਰਿਹਾ ਅਤੇ ਲੁੱਟ ਦਾ ਇਹ ਪੈਸਾ ਆਮ ਆਦਮੀ ਪਾਰਟੀ ਦੀ ਪਬਲੀਸਿਟੀ ਲਈ ਹੋਰ ਰਾਜਾਂ ਵਿੱਚ ਵਰਤਿਆ ਜਾ ਰਿਹਾ ਹੈ।
ਢਿੱਲੋਂ ਨੇ ਕਿਹਾ ਕਿ ਜਦੋਂ ਕਿਸਾਨ ਆਪਣੀ ਜ਼ਮੀਨ ਦੇਣਾ ਹੀ ਨਹੀਂ ਚਾਹੁੰਦੇ ਤਾਂ ਸਰਕਾਰ ਧੱਕੇ ਨਾਲ ਕਿਉਂ ਜਮੀਨਾਂ ਹੜੱਪ ਕਰਨਾ ਚਾਹੁੰਦੀ ਹੈ। ਕੇਵਲ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਅਕਵਾਇਰ ਕਰਨ ਲਈ ਕਿਸੇ ਕਿਸਮ ਦਾ ਧੱਕਾ ਕਿਸਾਨਾਂ ਨਾਲ ਕਰੇਗੀ ਤਾਂ ਭਾਜਪਾ ਡਟ ਕੇ ਕਿਸਾਨਾਂ ਦੇ ਨਾਲ ਖੜੇਗੀ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਸਰਕਾਰ ਦੇ ਖ਼ਿਲਾਫ਼ ਇੱਕ ਵੱਡਾ ਸੰਘਰਸ਼ ਵੀ ਸ਼ੁਰੂ ਕਰੇਗੀ ਤਾਂ ਜੋ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਜਪਾ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਪੰਜਾਬ ਦੇ ਪਿੰਡਾਂ-ਮੁਹੱਲਿਆਂ ਵਿੱਚ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ ਕੇਂਦਰੀ ਭਲਾਈ ਸਕੀਮਾਂ ਸਬੰਧੀ ਮੌਕੇ ‘ਤੇ ਹੀ ਫਾਰਮ ਭਰ ਕੇ ਸਾਰੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਂਦਰੀ ਸਕੀਮਾਂ ਨੂੰ ਸੂਬੇ ‘ਚ ਤਾਰਪੀਡੋ ਕਰ ਰਹੀ ਹੈ ਜਿਸ ਕਰਕੇ ਕੇਂਦਰ ਦੀਆਂ ਇਹਨਾਂ ਭਲਾਈ ਸਕੀਮਾਂ ਦਾ ਸੂਬੇ ਦੇ ਲੋੜਵੰਦ ਲੋਕਾਂ ਨੂੰ ਉਹਨਾਂ ਫਾਇਦਾ ਨਹੀਂ ਮਿਲ ਰਿਹਾ ਜਿਨਾਂ ਮਿਲਣਾ ਚਾਹੀਦਾ ਹੈ। ਪ੍ਰੰਤੂ ਹੁਣ ਭਾਜਪਾ ਦੀ ਸੂਬਾ ਇਕਾਈ ਨੇ ਆਪਣੇ ਪੱਧਰ ‘ਤੇ ਕੇਂਦਰ ਦੀਆਂ ਭਲਾਈ ਸਕੀਮਾਂ ਨੂੰ ਪੰਜਾਬ ਦੇ ਹਰ ਨਾਗਰਿਕ ਤੱਕ ਪੁੱਜਦਾ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਜਿਸ ਤਹਿਤ ਪਿੰਡ-ਪਿੰਡ ਅਤੇ ਮੁਹੱਲੇ ਮੁਹੱਲੇ ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।