ਚੰਡੀਗੜ੍ਹ, 18 ਦਸੰਬਰ, Gee98 news service
-ਜੇਕਰ ਤੁਸੀਂ ਘਰ ਤੋਂ ਬਾਹਰ ਕਿਸੇ ਕੰਮ ਲਈ ਜਾ ਰਹੇ ਹੋ ਤਾਂ ਤੁਹਾਨੂੰ ਮੌਸਮ ਦੇ ਬਦਲ ਰਹੇ ਮਿਜ਼ਾਜ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਘਰ ਤੋਂ ਬਾਹਰ ਜਾਂਦੇ ਸਮੇਂ ਇਹ ਮੰਨ ਕੇ ਚੱਲੋ ਕਿ ਤੁਸੀਂ ਪੂਰੀ ਸਰਦੀ ਵਿੱਚ ਜਾ ਰਹੇ ਹੋ ਅਤੇ ਪੂਰੀ ਸਰਦੀ ਵਾਲੇ ਕੱਪੜੇ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ, ਘਰ ਤੋਂ ਬਾਹਰ ਜਾਣ ਸਮੇਂ ਕੱਪੜੇ ਪਾਉਣ ਦੇ ਮਾਮਲੇ ‘ਚ ਕੀਤੀ ਕੋਈ ਗਲਤੀ ਤੁਹਾਨੂੰ ਸਰਦੀ ਦੀ ਲਪੇਟ ਵਿੱਚ ਲਿਜਾ ਸਕਦੀ ਹੈ। ਦੇਸ਼ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ, ਦਿਨੋਂ ਦਿਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ ‘ਚ ਵੀ ਬਦਲ ਰਹੇ ਮੌਸਮ ਨੇ ਆਪਣਾ ਮਿਜ਼ਾਜ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦੋ ਤੋਂ ਚਾਰ ਦਿਨਾਂ ਦੇ ਦੌਰਾਨ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਦੌਰਾਨ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਪਹਾੜੀ ਇਲਾਕਿਆਂ ‘ਚ ਪੈ ਰਹੀ ਬਰਫਬਾਰੀ ਦਾ ਅਸਰ ਆਉਣ ਵਾਲੇ ਦਿਨਾਂ ‘ਚ ਮੈਦਾਨੀ ਇਲਾਕਿਆਂ ਵਿੱਚ ਵੱਧ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਵੱਲੋਂ ਕਈ ਰਾਜਾਂ ਵਿੱਚ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਵਿੱਚ ਚੱਕਰਵਾਤੀ ਚੱਕਰ ਮੱਧ-ਟ੍ਰੋਪੋਸਫੇਰਿਕ ਪੱਧਰ ਤੱਕ ਫੈਲਿਆ ਹੋਇਆ ਹੈ। ਅਗਲੇ 2 ਦਿਨਾਂ ‘ਚ ਇਸ ਦੇ ਤਾਮਿਲਨਾਡੂ ਤੱਟ ਵੱਲ ਵਧਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ 18-19 ਦਸੰਬਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੁਡੂਚੇਰੀ ਵਿੱਚ 17-20 ਦਸੰਬਰ ਅਤੇ ਕੇਰਲ ਵਿੱਚ 17-21 ਦਸੰਬਰ ਦੌਰਾਨ ਬੱਦਲ ਛਾਏ ਰਹਿਣਗੇ। ਨਾਲ ਹੀ, 19-20 ਦਸੰਬਰ ਨੂੰ ਉੜੀਸਾ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਵੀ ਚੱਲਣਗੀਆਂ। ਅਗਲੇ 5-7 ਦਿਨਾਂ ਤੱਕ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ੀਤ ਲਹਿਰ ਤੋਂ ਗੰਭੀਰ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਸ਼ੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ‘ਚ ਘੱਟੋ-ਘੱਟ ਤਾਪਮਾਨ ਮਾਈਨਸ ‘ਚ ਰਿਹਾ, ਜਦਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਪਾਰਾ 0 ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਸ਼ ਦੇ ਮੈਦਾਨੀ ਇਲਾਕਿਆਂ ‘ਚ ਪੰਜਾਬ ਦੇ ਆਦਮਪੁਰ ਏਅਰਪੋਰਟ ਖੇਤਰ ‘ਚ ਸਭ ਤੋਂ ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਛੱਤੀਸਗੜ੍ਹ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 1-2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਬਿਹਾਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਵਿੱਚ 1-2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਦਿੱਲੀ, ਯੂਪੀ, ਹਰਿਆਣਾ, ਚੰਡੀਗੜ੍ਹ ਅਤੇ ਗੁਜਰਾਤ ਰਾਜਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਹੈ।