ਬਰਨਾਲਾ, 25 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਦੋਂ ਗੁਰਦੀਪ ਸਿੰਘ ਬਾਠ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਪੁੱਜੇ ਤਾਂ ਸਥਿਤੀ ਉਸ ਵੇਲੇ ਦਿਲਚਸਪ ਬਣ ਗਈ ਜਦ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਗੁਰਮੇਲ ਸਿੰਘ ਘਰਾਚੋਂ ਉਹਨਾਂ ਨੂੰ ਮਨਾਉਣ ਪੁੱਜ ਗਏ। ਜ਼ਿਮਨੀ ਚੋਣ ਲਈ ਰਿਟਰਨਿੰਗ ਅਧਿਕਾਰੀ ਸ ਗੁਰਬੀਰ ਸਿੰਘ ਕੋਹਲੀ ਦੇ ਦਫ਼ਤਰ ਦੇ ਬਾਹਰ ਆਮ ਲੋਕਾਂ ਲਈ ਬੈਠਣ ਵਾਲੇ ਬੈਂਚਾਂ ‘ਤੇ ਗੁਰਮੇਲ ਘਰਾਚੋ ਨੇ ਬਾਠ ਨਾਲ ਘੁਸਰ ਮੁਸਰ ਕੀਤੀ। ਇਸ ਦੌਰਾਨ ਗੁਰਮੇਲ ਘਰਾਚੋ ਨੇ ਬਾਠ ਦੀ ਆਪਣੇ ਫੋਨ ‘ਤੇ ਕਿਸੇ ਨਾਲ ਗੱਲ ਵੀ ਕਰਵਾਈ। ਚਰਚਾ ਹੈ ਕਿ ਗੁਰਮੇਲ ਘਰਾਚੋ ਨੇ ਫੋਨ ‘ਤੇ ਗੁਰਦੀਪ ਸਿੰਘ ਬਾਠ ਦੀ ਗੱਲ ਮੁੱਖ ਮੰਤਰੀ ਭਗਵੰਤ ਨਾਲ ਮਾਨ ਨਾਲ ਕਰਵਾਈ ਹੋ ਸਕਦੀ ਹੈ। ਬੈਂਚ ‘ਤੇ ਬਿਲਕੁਲ ਨਾਲ ਜੁੜ ਕੇ ਬੈਠੇ ਦੋਵੇਂ ਆਗੂਆਂ ਦੀ ਗੱਲਬਾਤ ਕਰਨ ਦੇ ਅੰਦਾਜ਼ ਅਤੇ ਚਿਹਰੇ ਦੇ ਹਾਵ ਭਾਵਾਂ ਤੋਂ ਲੱਗਦਾ ਸੀ ਕਿ ਘਰਾਚੋਂ ਕੋਈ ਖਾਸ ਸੁਨੇਹਾ ਲੈ ਕੇ ਗੁਰਦੀਪ ਸਿੰਘ ਬਾਠ ਕੋਲ ਪੁੱਜੇ ਹਨ, ਪ੍ਰੰਤੂ ਬਾਠ ਘਰਾਚੋਂ ਦੇ ਇਸ ਖਾਸ ਸੁਨੇਹੇ ਨੂੰ ਪ੍ਰਵਾਨ ਕਰਦੇ ਨਜ਼ਰ ਨਹੀਂ ਆਏ। ਦੋਵੇਂ ਆਗੂ ਭਾਵੇਂ ਪੱਤਰਕਾਰਾਂ ਤੋਂ ਕੁਝ ਦੂਰੀ ਤੇ ਬੈਠੇ ਸਨ ਪ੍ਰੰਤੂ ਦੋਵਾਂ ਦੀ ਮੁਲਾਕਾਤ ਦੀਆਂ ਘੜੀਆਂ ਨੂੰ ਪੱਤਰਕਾਰਾਂ ਨੇ ਆਪਣੇ ਕੈਮਰਿਆਂ ਵਿੱਚ ਕੈਦ ਕਰ ਹੀ ਲਿਆ।
ਇਸ ਤੋਂ ਬਾਅਦ ਪੱਤਰਕਾਰਾਂ ਨੇ ਜਦ ਗੁਰਦੀਪ ਸਿੰਘ ਬਾਠ ਨੂੰ ਘਰਾਚੋ ਦੀ ਆਮਦ ਸਬੰਧੀ ਪੁੱਛਿਆ ਤਾਂ ਥੋੜੀ ਜਿਹੀ ਹਿਚਕਚਾਹਟ ਤੋਂ ਬਾਅਦ ਬਾਠ ਨੇ ਪੱਤਰਕਾਰਾਂ ਸਾਹਮਣੇ ਮੰਨਿਆ ਕਿ ਘਰਾਚੋ ਉਹਨਾਂ ਨੂੰ ਮਨਾਉਣ ਹੀ ਆਏ ਸਨ ਪਰੰਤੂ ਹੁਣ ਸਮਾਂ ਨਿਕਲ ਚੁੱਕਾ ਹੈ। ਬਾਠ ਨੇ ਕਿਹਾ ਕਿ ਉਹਨਾਂ ਦੀ ਲੜਾਈ ਕੁਰਸੀ ਦੀ ਨਹੀਂ ਸਗੋਂ ਸਿਧਾਂਤਾਂ ਦੀ ਹੈ ਤੇ ਇਹਨਾਂ ਸਿਧਾਂਤਾਂ ਵਿੱਚੋਂ ਸਭ ਤੋਂ ਵੱਡਾ ਸਿਧਾਂਤ ਪਰਿਵਾਰਵਾਦ ਦੀ ਰਾਜਨੀਤੀ ਨੂੰ ਖਤਮ ਕਰਨਾ ਹੈ। ਜਿਸ ਵੇਲੇ ਗੁਰਮੇਲ ਸਿੰਘ ਘਰਾਚੋ ਦੀ ਰਿਟਰਨਿੰਗ ਅਧਿਕਾਰੀ ਦੇ ਦਫਤਰ ਵਿੱਚ ਐਂਟਰੀ ਹੋਈ ਤਾਂ ਇੱਕ ਵੇਲੇ ਪੱਤਰਕਾਰਾਂ ਨੂੰ ਵੀ ਅਜਿਹਾ ਲੱਗਿਆ ਕਿ ਗੁਰਮੇਲ ਘਰਾਚੋਂ ਬਾਠ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਹਨਾਂ ਦੀ ਹਮਾਇਤ ਵਿੱਚ ਆਏ ਹਨ ਪ੍ਰੰਤੂ ਕੁਝ ਹੀ ਪਲਾਂ ‘ਚ ਇਹ ਸਥਿਤੀ ਸਪੱਸ਼ਟ ਹੋ ਗਈ ਕਿ ਘਰਾਚੋ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਗੁਰਦੀਪ ਬਾਠ ਨੂੰ ਮਨਾਉਣ ਆਏ ਸਨ ਪਰ ਬਾਠ ਨੇ ਰਿਟਰਨਿੰਗ ਅਧਿਕਾਰੀ ਦੇ ਦਰਵਾਜ਼ੇ ‘ਤੇ ਖੜ ਕੇ ਹਾਈ ਕਮਾਂਡ ਵੱਲੋਂ ਭੇਜਿਆ ਲੌਲੀਪੌਪ ਚੂਸਣ ਤੋਂ ਕੋਰੀ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਗੁਰਮੇਲ ਘਰਾਚੋਂ ਵਾਪਸ ਚਲੇ ਗਏ। ਦੱਸ ਦੇਈਏ ਕਿ ਗੁਰਦੀਪ ਸਿੰਘ ਬਾਠ ਨੂੰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਸਾਥੀਆਂ ਵਿੱਚੋਂ ਮੰਨਿਆ ਜਾਂਦਾ ਹੈ। ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਸੂਬੇ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦੀ ਗੱਲ ਚੱਲੀ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਮੋਢੀਆਂ ਵਿੱਚੋਂ ਗੁਰਦੀਪ ਸਿੰਘ ਬਾਠ ਵੀ ਇੱਕ ਸਨ, ਜਿਨ੍ਹਾਂ ਨੇ ਬਰਨਾਲੇ ਦੇ ਇਕੱਲੇ ਇਕੱਲੇ ਵਲੰਟੀਅਰ ਨੂੰ ਨਾਲ ਲੈ ਕੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਹਾਈ ਕਮਾਂਡ ‘ਤੇ ਦਬਾਅ ਬਣਾਉਣ ਲਈ ਭਗਵੰਤ ਮਾਨ ਦੇ ਹੱਕ ਵਿੱਚ ਤੋਰਿਆ।
ਫੋਟੋ ਕੈਪਸ਼ਨ- ਰਿਟਰਨਿੰਗ ਅਧਿਕਾਰੀ ਦੇ ਬਾਹਰ ਬਾਠ ਨਾਲ ਗੱਲਬਾਤ ਕਰਦੇ ਹੋਏ ਗੁਰਮੇਲ ਘਰਾਚੋਂ