ਚੰਡੀਗੜ੍ਹ,7 ਜਨਵਰੀ-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਮਿੱਟੀ ਦਾ ਤੇਲ ਵੇਚਣ ਦਾ ਦੋਸ਼ ਲਾਉਣ ਵਾਲੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਦਾਲਤ ਵਿੱਚ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਹੈ। ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ‘ਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ। ਸ਼ਨੀਵਾਰ ਦੋਵੇਂ ਆਗੂ ਇਕੱਠੇ ਅਦਾਲਤ ਵਿੱਚ ਪੇਸ਼ ਹੋਏ, ਜਿੱਥੇ ਡਿੰਪੀ ਢਿੱਲੋਂ ਨੇ ਮਾਫ਼ੀ ਮੰਗੀ ਅਤੇ ਮਾਨਯੋਗ ਜੱਜ ਨੇ ਦੋਵਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁਆਫੀ ਮੰਗੀ ਹੈ ਅਤੇ ਜਜ ਸਾਹਿਬ ਨੇ ਮਾਮਲੇ ਵਿੱਚ ਰਾਜ਼ੀਨਾਮਾ ਕਰਵਾਇਆ ਹੈ। ਦੱਸ ਦੇਈਏ ਕਿ ਅਕਾਲੀ ਆਗੂ ਗਿੱਦੜਬਾਹਾ ਤੋ ਵਿਧਾਇਕ ਰਹੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਕਰੋੜਾਂ ਰੁਪਏ ਦਾ ਮਿੱਟੀ ਦਾ ਤੇਲ ਵੇਚਣ, ਸ਼ੈਲਰਾਂ ਵਿੱਚ ਘੋਟਾਲਾ ਕਰਨ ਅਤੇ ਕਿਸਾਨਾਂ ਦੀ ਲੁੱਟ ਕਰਨ ਦਾ ਦੋਸ਼ ਲਾਇਆ ਸੀ। ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਰਾਜ਼ੀਨਾਮਾ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਰਾਜਨੀਤੀ ਵਿਚ ਰੋਜ਼ਾਨਾ ਕੋਈ ਨਾ ਕੋਈ ਕਿਸੇ ‘ਤੇ ਕੁਝ ਵੀ ਬਿਆਨ ਦੇ ਦਿੰਦਾ ਹੈ, ਸਾਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਸਿਆਸੀ ਵਿਰੋਧੀ ਹਾਂ ਸਾਡੇ ਵਿਚਾਰਾਂ ਦੇ ਮਤਭੇਦ ਹਨ ਪਰ ਸਾਡੀ ਕੋਈ ਦੁਸ਼ਮਣੀ ਨਹੀ ਹੈ। ਸਾਨੂੰ ਸਾਰੇ ਸਿਆਸਤਦਾਨਾ ਨੂੰ ਸਟੇਜ ‘ਤੇ ਚੜ੍ਹਨ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਤੋਲ ਮੋਲ ਲੈਣਾ ਚਾਹੀਦਾ ਹੈ ਅਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ। ਅਸੀਂ ਸਾਰੇ ਰਾਜਨੀਤੀ ਕਰਨ ਆਏ ਹਾਂ, ਐਵੇਂ ਕਿਸੇ ਨੂੰ ਨੀਵਾਂ ਵਿਖਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ,ਤਹਿਜੀਬ ਅਤੇ ਤਾਲੀਮ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ “ਮੈਂ ਖ਼ੁਦ ਆਪਣੇ ਸੁਭਾਅ ਵਿੱਚ ਰੋਜ਼ਾਨਾ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ ਹਾਂ”।