ਚੰਡੀਗੜ੍ਹ,7 ਜਨਵਰੀ-ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਰਹਿੰਦ ਦੇ ਦੁਕਾਨਦਾਰ ਨੂੰ ਲੂੰਬੜੀ ਦੀ ਪਾਬੰਦੀਸ਼ੁਦਾ ਖੱਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮਨੀ ਸਿੰਘ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ ਪੀਪਲ ਫਾਰ ਐਨੀਮਲ ਪ੍ਰੋਟੈਕਸ਼ਨ (ਪੀਐੱਫਏ) ਨਾਲ ਜੁੜਿਆ ਐਕਟੀਵਿਸਟ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਣ ਜੀਵਾਂ ਦੀ ਤਸਕਰੀ ‘ਚ ਸ਼ਾਮਲ ਰਵੀ ਭਟਨਾਗਰ ਵਾਸੀ ਗਾਜ਼ੀਆਬਾਦ (ਯੂਪੀ) ਨੇ ਸਰਹਿੰਦ ਦੇ ਇਕ ਦੁਕਾਨ ਮਾਲਕ ਨੂੰ ਲੂੰਬੜੀ ਦੀ ਪਾਬੰਦੀਸ਼ੁਦਾ ਖੱਲ ਵੇਚੀ ਹੈ ਜਿਸ ‘ਤੇ ਉਨ੍ਹਾਂ ਦੀ ਟੀਮ ਨੇ ਉਕਤ ਦੁਕਾਨਦਾਰ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਉਕਤ ਦੁਕਾਨਦਾਰ ਉਨ੍ਹਾਂ ਨੂੰ ਲੂੰਬੜੀ ਦੀ ਖੱਲ 50 ਹਜ਼ਾਰ ਰੁਪਏ ‘ਚ ਵੇਚਣ ਨੂੰ ਤਿਆਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ । ਸ਼ਿਕਾਇਤ ਮਿਲਣ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਸਬ-ਇੰਸਪੈਕਟਰ ਸਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਿਕਾਇਤਕਰਤਾ ਵੱਲੋਂ ਦੱਸੇ ਗਏ ਪਤੇੇ ’ਤੇ ਸਰਹਿੰਦ ਸ਼ਹਿਰ ਵਿਖੇ ਛਾਪੇਮਾਰੀ ਕੀਤੀ ਜਿਸ ਦੌਰਾਨ ਦੁਕਾਨ ਦੇ ਡਿਸਪਲੇ ਕਾਊਂਟਰ ’ਚ ਪਈ ਲੂੰਬੜੀ ਦੀ ਖੱਲ ਬਰਾਮਦ ਹੋਈ ਜਿਸ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਸਬੰਧੀ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤਹਿਤ ਦਰਜ ਕੀਤੇ ਗਏ ਮੁਕੱਦਮੇ ’ਚ ਦੁਕਾਨਦਾਰ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਐੱਸਪੀ (ਡੀ) ਰਕੇਸ਼ ਯਾਦਵ ਨੇ ਦੱਸਿਆ ਕਿ ਲੂੰਬੜੀ ਦੀ ਪਾਬੰਦੀਸ਼ੁਦਾ ਖੱਲ ਸਮੇਤ ਗ੍ਰਿਫ਼ਤਾਰ ਕੀਤੇ ਗਏ ਦੁਕਾਨਦਾਰ ਗੌਰਵ ਸ਼ਰਮਾ ਦਾ ਅਦਾਲਤ ਵੱਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ ਜਿਸ ਦੌਰਾਨ ਉਸ ਤੋਂ ਪੁੱਛਗਿੱਛ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਣ ਜੀਵਾਂ ਦੀ ਤਸਕਰੀ ’ਚ ਹੋਰ ਕਿਹੜੇ-ਕਿਹੜੇ ਵਿਅਕਤੀ ਸ਼ਾਮਲ ਹਨ।