ਚੰਡੀਗੜ੍ਹ,13 ਜੁਲਾਈ, Gee98 news service
–NDPS ਦੇ ਮਾਮਲੇ ‘ਚ ਜੇਕਰ ਗਵਾਹੀਆਂ ਭਗਤਾਉਣ ਸਬੰਧੀ ਦੇਰੀ ਹੋ ਰਹੀ ਹੋਵੇ ਤਾਂ ਦੋਸ਼ੀ ਨੂੰ ਸਿਰਫ਼ ਇਸੇ ਆਧਾਰ ‘ਤੇ ਜੇਲ੍ਹ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਐਨਡੀਪੀਐਸ ਮਾਮਲੇ ਦੇ ਵਿੱਚ 2 ਸਾਲ 3 ਮਹੀਨੇ ਤੋਂ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਨੂੰ ਬਰੀ ਕਰਨ ਦੇ ਹੁਕਮ ਦੇ ਦਿੱਤੇ ਜਿਸ ਤੋਂ ਭਾਵੇਂ ਕਮਰਸ਼ੀਅਲ ਮਾਤਰਾ ‘ਚ ਨਸ਼ੇ ਦੀ ਬਰਾਮਦਗੀ ਹੋਈ ਸੀ ਪ੍ਰੰਤੂ ਉਸ ਦੇ ਕੇਸ ਦੀਆਂ 27 ਪੇਸ਼ੀਆਂ ਦੌਰਾਨ 16 ਗਵਾਹਾਂ ਵਿੱਚੋਂ ਸਿਰਫ਼ ਤਿੰਨ ਗਵਾਹ ਹੀ ਪੇਸ਼ ਹੋ ਸਕੇ। ਮਾਮਲੇ ਵਿੱਚ ਫਗਵਾੜਾ ਵਾਸੀ ਕੁਲਦੀਪ ਤੋਂ 1.540 ਕਿਲੋਗ੍ਰਾਮ ਟ੍ਰਾਮਾਡੋਲ ਦੀ ਬਰਾਮਦਗੀ ਹੋਈ ਸੀ ਜਿਹੜੀ ਕਮਰਸ਼ੀਅਲ ਸ਼੍ਰੇਣੀ ‘ਚ ਆਉਂਦੀ ਹੈ। ਕੁਲਦੀਪ ਪਿਛਲੇ 2 ਸਾਲ ਤੇ 3 ਮਹੀਨਿਆਂ ਤੋਂ ਨਿਆਂਇਕ ਹਿਰਾਸਤ ‘ਚ ਸੀ,ਮਾਰਚ 2023 ‘ਚ ਉਸ ‘ਤੇ ਦੋਸ਼ ਤੈਅ ਹੋਏ ਪਰ 27 ਵਾਰ ਹੋਈ ਸੁਣਵਾਈ ਦੌਰਾਨ ਹੁਣ ਤੱਕ 16 ਵਿਚੋਂ ਸਿਰਫ਼ ਤਿੰਨ ਗਵਾਹਾਂ ਦੀ ਹੀ ਗਵਾਹੀ ਹੋ ਸਕੀ ਹੈ।
ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਸਤਗਾਸਾ ਧਿਰ ਦੇ ਸਾਰੇ ਗਵਾਹ ਪੁਲਿਸ ਮੁਲਾਜ਼ਮ ਹਨ ਜਿਹੜੇ ਵਾਰ-ਵਾਰ ਸੰਮਨ, ਜ਼ਮਾਨਤੀ ਤੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਅਦਾਲਤ ‘ਚ ਪੇਸ਼ ਨਹੀਂ ਹੋਏ। ਅਦਾਲਤ ਨੇ ਸੂਬੇ ਦੇ ਵਕੀਲ ਤੋਂ ਜਦੋਂ ਇਸ ਦੇਰੀ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।
ਜਸਟਿਸ ਮੰਜਰੀ ਨਹਿਰੂ ਕੌਲ ਦੇ ਸਿੰਗਲ ਬੈਂਚ ਨੇ ਇਹ ਹੁਕਮ ਦਿੰਦਿਆਂ ਕਿਹਾ ਕਿ ਇਸਤਗਾਸਾ ਦੀ ਲਾਪਰਵਾਹੀ ਕਾਰਨ ਕਿਸੇ ਮੁਲਜ਼ਮ ਨੂੰ ਅਣਮਿੱਥੇ ਸਮੇਂ ਲਈ ਹਿਰਾਸਤ ‘ਚ ਰੱਖਣਾ ਨਿਆਂਇਕ ਪ੍ਰਕਿਰਿਆ ਦੀ ਦੁਰਵਰਤੋਂ ਹੈ। ਜਸਟਿਸ ਕੌਲ ਨੇ ਇਹ ਸਖ਼ਤ ਟਿੱਪਣੀ ਵੀ ਕੀਤੀ ਕਿ ਨਸ਼ੇ ਦੀ ਤਸਕਰੀ ਸਮਾਜ ਦੇ ਤਾਣੇ-ਬਾਣੇ ਨੂੰ ਘੁਣ ਵਾਂਗ ਖਾ ਰਹੀ ਹੈ ਪਰ ਨਸ਼ੇ ਖ਼ਿਲਾਫ਼ ਕਾਨੂੰਨ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਣ ਦਾ ਲਾਇਸੈਂਸ ਨਹੀਂ। ਅਦਾਲਤ ਨੇ ਟਿੱਪਣੀ ਕੀਤੀ ਕਿ ਇਸਤਗਾਸਾ ਧਿਰ ਦੇ ਗਵਾਹਾਂ ਦੀ ਲਾਪਰਵਾਹੀ ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਚਿੰਤਾਜਨਕ ਹੈ। ਅਦਾਲਤ ਨੇ ਪਟੀਸ਼ਨਰ ਨੂੰ ਜ਼ਮਾਨਤ ਦਿੰਦਿਆਂ ਪੰਜਾਬ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਯਕੀਨੀ ਬਣਾਉਣ ਕਿ ਭਵਿੱਖ ਵਿਚ ਇਸਤਗਾਸਾ ਧਿਰ ਦੇ ਗਵਾਹ ਸਮੇਂ ‘ਤੇ ਅਦਾਲਤ ‘ਚ ਪੇਸ਼ ਹੋਣ।