ਚੰਡੀਗੜ੍ਹ,12 ਜੁਲਾਈ, Gee98 news service
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਇੱਕ ਦੋਸ਼ੀ ਫਰਾਰ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਸ਼ਾਹਬਾਜ਼ ਅੰਸਾਰੀ ਫਰਾਰ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਵਾਸੀ ਅੰਸਾਰੀ ਨੂੰ ਦਸੰਬਰ 2022 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।
18 ਜੂਨ 2025 ਨੂੰ ਪਟਿਆਲਾ ਹਾਊਸ ਕੋਰਟ ਦੀ ਵੇਕੇਸ਼ਨ ਜੱਜ ਨੇ ਸ਼ਾਹਬਾਜ਼ ਅੰਸਾਰੀ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ ਅੰਤਰਿਮ ਜ਼ਮਾਨਤ ਲੈਣ ਮੌਕੇ ਸ਼ਾਹਬਾਜ਼ ਅੰਸਾਰੀ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਸਦੀ ਪਤਨੀ ਦੀ ਸਰਜਰੀ ਹੋਣੀ ਹੈ ਤੇ ਉਸਨੇ ਆਪਣੀ ਪਤਨੀ ਦੀ ਦੇਖਭਾਲ ਕਰਨੀ ਹੈ ਪ੍ਰੰਤੂ ਵਾਅਦੇ ਮੁਤਾਬਕ ਸ਼ਾਹਬਾਜ਼ ਅੰਸਾਰੀ ਮੁੜ ਪੇਸ਼ ਨਹੀਂ ਹੋਇਆ ਅਤੇ ਹੁਣ ਉਹ ਗਾਇਬ ਹੋ ਗਿਆ ਹੈ।
NIA ਅਨੁਸਾਰ ਉਸਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ ਅਤੇ ਉਸਦੀ ਲੋਕੇਸ਼ਨ ਵੀ ਟਰੇਸ ਨਹੀਂ ਹੋ ਰਹੀ। NIA ਨੇ ਕੋਰਟ ਨੂੰ ਦੱਸਿਆ ਕਿ ਸ਼ਾਹਬਾਜ਼ ਅੰਸਾਰੀ ਵਲੋਂ ਦਿੱਤਾ ਗਿਆ ਫੋਨ ਨੰਬਰ ਅਸਾਮ ਦੇ ਇਕ ਵਿਅਕਤੀ ਦੇ ਨਾਂ ‘ਤੇ ਰਜਿਸਟਰਡ ਹੈ। ਉਸਦੀ ਜ਼ਮਾਨਤ ਲਈ ਜ਼ਮਾਨਤਦਾਰ ਨੇ ਕਥਿਤ ਤੌਰ ‘ਤੇ ਪੈਸੇ ਲੈ ਕੇ ਇਹ ਕੰਮ ਕੀਤਾ ਸੀ। ਇਸ ਤੋਂ ਇਲਾਵਾ ਅੰਸਾਰੀ ਨੇ ਜਿਸ ਗਾਜ਼ੀਆਬਾਦ ਦੇ ਐਮਐਮਜੀ ਹਸਪਤਾਲ ਦਾ ਹਵਾਲਾ ਦਿੱਤਾ, ਉਥੇ ਅਜਿਹੀ ਸਰਜਰੀ ਨਹੀਂ ਹੁੰਦੀ ਜਿਸ ਦਾ ਜ਼ਿਕਰ ਅੰਸਾਰੀ ਨੇ ਜ਼ਮਾਨਤ ਲੈਣ ਮੌਕੇ ਕੀਤਾ ਸੀ। ਇਨ੍ਹਾਂ ਖੁਲਾਸਿਆਂ ਤੋਂ ਬਾਅਦ NIA ਨੇ 8 ਜੁਲਾਈ ਨੂੰ ਜ਼ਮਾਨਤ ਰੱਦ ਕਰਵਾ ਦਿੱਤੀ, ਹਾਲਾਂਕਿ ਅੰਸਾਰੀ ਨੇ ਕੋਰਟ ‘ਚ ਹਾਜ਼ਰ ਹੋਣ ਦੇ ਨੋਟਿਸ ਦੀ ਅਣਦੇਖੀ ਕੀਤੀ। ਅੰਸਾਰੀ ਦੇ ਵਕੀਲ ਅਮਿਤ ਸ਼੍ਰੀਵਾਸਤਵ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਮੁਵੱਕਿਲ ਦੇ ਠਿਕਾਣੇ ਦੀ ਜਾਣਕਾਰੀ ਨਹੀਂ ਹੈ।