ਚੰਡੀਗੜ੍ਹ, 26 ਦਸੰਬਰ-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਵਿੱਖ ‘ਚ ਰਾਜਨੀਤੀ ਤੋਂ ਦੂਰ ਰਹਿਣ ਦਾ ਸੰਕੇਤ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲੋਕ ਸਭਾ ਚੋਣ ਲੜਨ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਨੂੰ ਜਵਾਬ ਦੇ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਜੇ ਉਨ੍ਹਾਂ ਨੇ ਚੋਣ ਲੜਨੀ ਹੋਈ ਤਾਂ ਉਹਨਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਪਿੰਡ ਮੂਸਾ ਵਿਖੇ ਸੰਬੋਧਨ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਸ਼ੁਭਦੀਪ ਨੂੰ ਪ੍ਰੋਡਕਟ ਵਾਂਗ ਵਰਤਿਆ ਗਿਆ ਤੇ ਹੁਣ ਉਸ ਦਾ ਫਾਇਦਾ ਲੈਣਾ ਚਾਹੁੰਦੇ ਹਨ। ਬਲਕੌਰ ਸਿੰਘ ਨੇ ਸਿਆਸੀ ਨੇਤਾਵਾਂ ਨੂੰ ਕਿਹਾ ਕਿ “ਤੁਸੀਂ ਕਿਤੋਂ ਵੀ ਕੋਈ ਵੀ ਚੋਣ ਲੜੋ, ਜੀ ਸਦਕੇ ਲੜੋ, ਮੈਨੂੰ ਮੇਰੇ ਹਾਲ ‘ਤੇ ਛੱਡ ਦਿਓ”। ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਸਮਾਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਲੋਕ ਸਭਾ ਦੀ ਚੋਣ ਲੜਨਾ ਚਾਹੁਣਗੇ ਤਾਂ ਉਹਨਾਂ ਦਾ ਸਤਿਕਾਰ ਕਰਦੇ ਹੋਏ ਪਾਰਟੀ ਵੱਲੋਂ ਚੋਣ ਲੜਾਈ ਜਾਵੇਗੀ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦੇਣ ਲਈ ਦਰਵਾਜੇ ਬੰਦ ਹੋ ਚੁੱਕੇ ਹਨ। ਬਲਕੌਰ ਸਿੰਘ ਦੇ ਇਹ ਬਿਆਨ ਇਹੀ ਸੰਕੇਤ ਦੇ ਰਹੇ ਹਨ ਕਿ ਉਹ ਭਵਿੱਖ ‘ਚ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਕੋਈ ਚੋਣ ਨਹੀਂ ਲੜਨਗੇ ,ਜਿਵੇਂ ਕਿ ਅਕਸਰ ਚਰਚਾ ਹੁੰਦੀ ਰਹਿੰਦੀ ਹੈ।