ਬਰਨਾਲਾ,2 ਫਰਵਰੀ, ਨਿਰਮਲ ਸਿੰਘ ਪੰਡੋਰੀ
ਜ਼ਿਲ੍ਹੇ ਦੇ ਪਿੰਡ ਨਾਈਵਾਲਾ ਵਿਖੇ ਕਾਰਗਿੱਲ ਸ਼ਹੀਦ ਕਰਮਜੀਤ ਸਿੰਘ ਦੇ ਨਾਮ ਦਾ ਲੱਗਿਆ ਪੱਥਰ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਦਰ ਥਾਣਾ ਬਰਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪ੍ਰੰਤੂ ਪਿੰਡ ਦੀ ਪੰਚਾਇਤ ਅਤੇ ਲੋਕਾਂ ਵੱਲੋਂ ਲਗਾਤਾਰ ਤਿੰਨ ਦਿਨ ਬਰਨਾਲਾ ਦੇ ਭਗਵਾਨ ਵਾਲਮੀਕ ਚੌਂਕ ਵਿੱਚ ਧਰਨਾ ਦੇਣ ਤੋਂ ਬਾਅਦ ਪਿੰਡ ਦੇ ਸਰਪੰਚ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਰਾਜਵਿੰਦਰ ਸਿੰਘ ਰਾਜੂ ਅਤੇ ਅੰਮ੍ਰਿਤਪਾਲ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਾਰਗਿਲ ਸ਼ਹੀਦ ਕਰਮਜੀਤ ਸਿੰਘ ਦੇ ਨਾਮ ਦਾ ਪੱਥਰ ਤੋੜਨ ਸਬੰਧੀ ਉਕਤ ਦੋਸ਼ੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵੇਰਵੇ ਅਨੁਸਾਰ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਵਿੱਚ ਇੱਕ ਪਾਰਕ ਬਣਾ ਰਹੀ ਸੀ ਅਤੇ ਇਸ ਪਾਰਕ ਦਾ ਨਾਮ ਪੰਚਾਇਤ ਸ਼ਹੀਦ ਕਰਮਜੀਤ ਸਿੰਘ ਦੇ ਨਾਮ ‘ਤੇ ਰੱਖਣਾ ਚਾਹੁੰਦੀ ਸੀ ਜਿਸ ਸਬੰਧੀ ਇੱਕ ਪੱਥਰ ਸ਼ਹੀਦ ਦੇ ਨਾਮ ਦਾ ਲਗਾਇਆ ਗਿਆ ਜਿਸ ਨੂੰ ਉਕਤ ਦੋਸ਼ੀਆਂ ਨੇ ਤੋੜ ਦਿੱਤਾ ਸੀ।