ਬਰਨਾਲਾ, 07 ਜਨਵਰੀ (ਨਿਰਮਲ ਸਿੰਘ ਪੰਡੋਰੀ) : ਡੀਸੀ ਦਫ਼ਤਰ ਸਾਹਮਣੇ ਪਿੰਡ ਧੌਲਾ ਦੇ ਮਜ਼ਦੂਰਾਂ ਦਾ ਦਿਨ ਰਾਤ ਦਾ ਧਰਨਾ ਵਰਦੇ ਮੀਂਹ ਵਿੱਚ ਵੀ ਜਾਰੀ । ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ਏਟਕ ਦੇ ਆਗੂ ਖੁਸ਼ੀਆ ਸਿੰਘ, ਦਿਹਾਤੀ ਮਜ਼ੂਦਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜਰਾ ਨੇ ਦੱਸਿਆ ਕਿ ਬੀਤੇ ਕੱਲ ਡਿਪਟੀ ਕਮਿਸ਼ਨਰ ਨੇ ਮਜ਼ਦੂਰਾਂ ਨਾਲ ਮੀਟਿੰਗ ਕਰਕੇ ਮੌਕੇ ’ਤੇ ਡੀਡੀਪੀਓ ਬਰਨਾਲਾ ਨੂੰ ਹਦਾਇਤ ਕੀਤੀ ਸੀ ਕਿ ਸੰਬੰਧਿਤ ਮਜ਼ਦੂਰਾਂ ਤੋਂ ਪਲਾਟਾਂ ਦੇ ਕਾਗਜ਼ ਲੈ ਕੇ, ਪੜਤਾਲ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਯੋਗ ਵਿਅਕਤੀਆਂ ਨੂੰ ਪਲਾਟਾਂ ਦਾ ਕਬਜ਼ਾ ਕਰਵਾਇਆ ਜਾਵੇ। ਆਗੂਆਂ ਨੇ ਦੱਸਿਆ ਕਿ ਜਦ ਮਜ਼ਦੂਰ ਡੀਡੀਪੀਓ ਕੋਲ ਗਏ ਤਾਂ ਉਨਾਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਤਹਿਸੀਲਦਾਰ ਤਪਾ ਨੂੰ ਮਿਲੋ। ਮਜ਼ਦੂਰ ਆਗੂਆਂ ਨੇ ਰੋਸ ਜਾਹਿਰ ਕੀਤਾ ਕਿ ਤਹਿਸੀਲਦਾਰ ਨੂੰ ਮਜ਼ਦੂਰ ਪਹਿਲਾਂ ਹੀ ਕਈ ਵਾਰ ਮਿਲ ਚੁੱਕੇ ਹਨ, ਕੋਈ ਮਸਲਾ ਹੱਲ ਨਹੀਂ ਹੋਇਆ। ਇਸੇ ਕਰਕੇ ਮਜ਼ਦੂਰ ਪੰਜ ਦਿਨਾਂ ਤੋਂ ਡੀਸੀ ਦਫ਼ਤਰ ਅੱਗੇ ਦਿਨ ਰਾਤ ਦਾ ਧਰਨਾ ਲਾ ਕੇ ਬੈਠੇ ਹਨ। ਮਜ਼ਦੂਰਾਂ ਨੇ ਪ੍ਰਸਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਦੇ ਅੰਦਰ-ਅੰਦਰ ਪਿੰਡ ਧੌਲਾ ਦੇ ਮਜ਼ਦੂਰਾਂ ਨੂੰ 1975 ਵਿੱਚ ਅਲਾਟ ਹੋਏ ਪਲਾਟਾਂ ਉੱਪਰ ਕਬਜ਼ਾ ਨਾ ਕਰਵਾਇਆ ਤਾਂ 10 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋ ਕੇ ਡੀਸੀ ਦਫ਼ਤਰ ਘੇਰਨਗੇ। ਜਿਸ ਵਿੱਚ ਭੱਠਾ ਮਜ਼ਦੂਰ ਵੀ ਸ਼ਾਮਲ ਹੋਣਗੇ। ਇਸ ਮੌਕੇ ਬੂਟਾ ਸਿੰਘ ਧੌਲਾ, ਸਾਧੂ ਸਿੰਘ ਛੀਨੀਵਾਲ, ਕਰਨੈਲ ਸਿੰਘ ਠੀਕਰੀਵਾਲਾ, ਬਲਦੇਵ ਸਿੰਘ,ਬਿੱਕਰ ਸਿੰਘ, ਜਗਸੀਰ ਸਿੰਘ ਧੌਲਾ ਸਮੇਤ ਵੱਡੀ ਗਿਣਤੀ ਵਿੱਓਚ ਮਹਿਲਾਵਾਂ ਵੀ ਹਾਜ਼ਰ ਸਨ।