- ਮਾਮਲਾ ਪ੍ਰਧਾਨ ਮੰਤਰੀ ਦੀ ਬੇਰੰਗ ਵਾਪਸੀ ਦਾ
ਬਰਨਾਲਾ, 07 ਜਨਵਰੀ (ਨਿਰਮਲ ਸਿੰਘ ਪੰਡੋਰੀ) : ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਵਾਪਰੇ ਘਟਨਾਕ੍ਰਮ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਆਹਮੋ ਸਾਹਮਣੇ ਹਨ। ਬਠਿੰਡਾ ਤੋਂ ਫਿਰੋਜ਼ਪੁਰ ਤੱਕ ਸੜਕੀ ਮਾਰਗ ਰਾਹੀਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਸੜਕ ਜਾਮ ਕਰਕੇ ਰੋਕਣਾ ਅਤੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਪਿੱਛੇ ਮੁੜਨਾ, ਦੇਸ਼ ਦੇ ਬਾਕੀ ਮੁੱਦਿਆਂ ਤੋਂ ਉੱਪਰ ਮੁੱਦਾ ਬਣ ਚੁੱਕਾ ਹੈ। ਬਠਿੰਡਾ ਏਅਰਪੋਰਟ ’ਤੇ ਮੁੱਖ ਮੰਤਰੀ, ਡੀਜੀਪੀ ਦੀ ਗੈਰਹਾਜ਼ਰੀ ਵੀ ਭਾਜਪਾ ਨੂੰ ਰੜਕ ਰਹੀ ਹੈ। ਅਸਲ ਵਿੱਚ ਪ੍ਰਧਾਨ ਮੰਤਰੀ ਦੇ ਇਸ ਪੰਜਾਬ ਦੌਰੇ ਦੌਰਾਨ ਜੋ ਘਟਨਾਵਾਂ ਵਾਪਰੀਆਂ, ਅਜਿਹਾ ਪਹਿਲਾਂ ਕਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਪੰਜਾਬ ਆਮਦ ਮੌਕੇ ਨਹੀਂ ਹੋਇਆ। ਭਾਜਪਾ ਪੰਜਾਬ ਦੀ ਚੰਨੀ ਸਰਕਾਰ ਉੱਪਰ ਇੱਕ ਸਾਜਿਸ਼ ਦਾ ਦੋਸ਼ ਲਗਾ ਰਹੀ ਹੈ, ਜਦ ਕਿ ਪੰਜਾਬ ਸਰਕਾਰ ਭਾਜਪਾ ਉੱਪਰ ਮਾਮਲੇ ਨੂੰ ਪੰਜਾਬ ਚੋਣਾਂ ਦੇ ਮੱਦੇਨਜ਼ਰ ਤੂਲ ਦੇਣ ਦੇ ਦੋਸ਼ ਲਗਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਫ਼ ਆਖ ਦਿੱਤਾ ਹੈ ਕਿ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਫਿਰੋਜ਼ਪੁਰ ਤੱਕ ਜਾਣ ਬਾਰੇ ਨੂੰ ਕੋਈ ਸੂਚਨਾ ਨਹੀਂ ਸੀ। ਰਾਜਨੀਤਿਕ ਹਲਕਿਆਂ ਵਿੱਚ ਮੁੱਖ ਮੰਤਰੀ ਚੰਨੀ ਦੇ ਇਸ ਬਿਆਨ ਨੂੰ ਬਚਕਾਨਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਸ ਮਾਮਲੇ ਵਿੱਚ ਪੂਰੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਰਾਸ਼ਟਰਪਤੀ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਹ ਮਾਮਲਾ ਸੁਪਰੀਮਕੋਰਟ ਤੱਕ ਵੀ ਜਾ ਪੁੱਜਾ ਹੈ। ਭਾਜਪਾ ਇਸ ਘਟਨਾ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੋੜ ਕੇ ਦੇਖ ਰਹੀ ਹੈ, ਪਰ ਕਾਂਗਰਸ ਫਿਰੋਜ਼ਪੁਰ ਰੈਲੀ ਵਿੱਚ ਭਾਜਪਾ ਵਰਕਰਾਂ ਦੀ ਘੱਟ ਗਿਣਤੀ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੇ ਪਿੱਛੇ ਮੁੜਨ ਦਾ ਮੁੱਖ ਕਾਰਨ ਦੱਸ ਰਹੀ ਹੈ। ਕਾਰਨ ਭਾਵੇਂ ਕੁਝ ਵੀ ਹੋਵੇ ਪ੍ਰਧਾਨ ਮੰਤਰੀ ਦਾ ਰੈਲੀ ਵਿੱਚ ਨਾ ਪੁੱਜਣਾ ਅਤੇ ਪੰਜਾਬ ਲਈ ਕੀਤੇ ਜਾਣ ਵਾਲੇ ਐਲਾਨ ਦਾ ਲਟਕ ਜਾਣਾ ਵੀ ਹੁਣ ਇੱਕ ਅਹਿਮ ਮੁੱਦਾ ਬਣ ਚੁੱਕਾ ਹੈ। ਭਾਜਪਾ ਦੋਸ਼ ਲਗਾ ਰਹੀ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਲਈ ਵੱਡੇ ਪ੍ਰੋਜੈਕਟਾਂ ਅਤੇ ਕਰੋੜਾਂ ਰੁਪਏ ਦੇ ਪੈਕੇਜ ਦੇਣ ਦੇ ਸੰਭਾਵੀ ਐਲਾਨ ਤੋਂ ਕਾਂਗਰਸ ਘਬਰਾਹਟ ਵਿੱਚ ਸੀ ਜਿਸ ਕਰਕੇ ਕਾਂਗਰਸ ਨੇ ਪ੍ਰਧਾਨ ਮੰਤਰੀ ਦਾ ਰਾਸਤਾ ਰੋਕਣ ਵਰਗਾ ਛਡਯੰਤਰ ਰਚਿਆ, ਪੰਜਾਬ ਕਾਂਗਰਸ ਵਿੱਚ ਵੀ ਇਸ ਮਾਮਲੇ ’ਤੇ ਗੁੱਟਬੰਦੀ ਬਣੀ ਹੋਈ ਹੈ। ਪੰਜਾਬ ਦੇ ਕੁਝ ਮੰਤਰੀ ਸੂਬੇ ਦੇ ਗ੍ਰਹਿ ਮੰਤਰੀ ਤੇ ਡੀਜੀਪੀ ਨੂੰ ਜ਼ਿੰਮੇਵਾਰ ਦੱਸ ਰਹੇ ਹਨ ਅਤੇ ਮੁੱਖ ਮੰਤਰੀ ਚੰਨੀ ਨੂੰ ਕਲੀਨ ਚਿੱਟ ਦੇ ਰਹੇ ਹਨ। ਮੁੱਖ ਮੰਤਰੀ ਚੰਨੀ ‘ਮੇਰਾ ਕੋਈ ਕਸੂਰ ਨਹੀਂ’ ਕਹਿ ਕੇ ਖੁਦ ਹੀ ਕਲੀਨ ਚਿੱਟ ਲੈ ਰਹੇ ਹਨ। ਭਾਜਪਾ ਅਤੇ ਕਾਂਗਰਸ ਇਸ ਮਾਮਲੇ ’ਤੇ ‘ਘੱਟ ਨਾ ਤੋਲੀਂ, ਥੜੇ ’ਤੇ ਨਾ ਚੜੀਂ’ ਵਾਲੀ ਖੇਡ ਖੇਡਣ ਲੱਗੇ ਹੋਏ ਹਨ। ਬਹਰਹਾਲ, ਕੇਂਦਰ ਸਰਕਾਰ ਇਸ ਮਾਮਲੇ ’ਤੇ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਹੈ, ਜਾਂਚ ਕਮੇਟੀ ਨੇ ਪੰਜਾਬ ਦੇ ਕੁਝ ਅਫ਼ਸਰਾਂ ਨੂੰ ਤਲਬ ਵੀ ਕਰ ਲਿਆ ਹੈ। ਜਾਂਚ ਦਾ ਘੇਰਾ ਪੰਜਾਬ ਸਰਕਾਰ ਹੋਵੇਗੀ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਰੋਕਣ ਵਾਲੇ 150 ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ , ਜਿਨਾਂ ਨੂੰ ਸਨਾਖ਼ਤ ਕਰਕੇ ਨਾਮਜ਼ਦ ਕੀਤਾ ਜਾਵੇਗਾ ਆਗੇ ਆਗੇ ਦੇਖੋ ਹੋਤਾ ਹੈ ਕਿਆ..।
