ਬਰਨਾਲਾ, 3 ਜੁਲਾਈ, Gee98 news service
ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੇ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਭਾਨਾ ਸਿੱਧੂ ਅਤੇ ਜ਼ਿਲ੍ਹੇ ਦੇ ਵਕੀਲ ਆਹਮੋ ਸਾਹਮਣੇ ਹਨ। ਇਹ ਮਾਮਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਥਿੰਦ ਉੱਪਰ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਨਾਲ ਸਬੰਧਿਤ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਐਡਵੋਕੇਟ ਧੀਰਜ ਕੁਮਾਰ ਵੱਲੋਂ ਇੱਕ ਪੋਸਟ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ ਕੁਝ ਹੋਰ ਵਕੀਲਾਂ ਨਾਲ ਐਡਵੋਕੇਟ ਗੁਰਪ੍ਰੀਤ ਸਿੰਘ ਉਪਰ ਹਮਲਾ ਹੋਣ ਤੋਂ ਬਾਅਦ ਤੁਰੰਤ ਹਸਪਤਾਲ ਪੁੱਜੇ ਜਿੱਥੇ ਕੁਝ ਹੋਰ ਵਿਅਕਤੀ ਵੀ ਹਾਜ਼ਰ ਸਨ ਜਿਨਾਂ ਵਿੱਚ ਭਾਨਾ ਸਿੱਧੂ ਵੀ ਸ਼ਾਮਿਲ ਸੀ। ਉਹਨਾਂ ਲਿਖਿਆ ਕਿ ਭਾਨਾ ਸਿੱਧੂ ਨੇ ਵਕੀਲਾਂ ਨੂੰ ਧਮਕੀਆਂ ਦਿੱਤੀਆਂ ਅਤੇ ਦੁਰਵਿਹਾਰ ਕੀਤਾ। ਐਡਵੋਕੇਟ ਤਲਵਿੰਦਰ ਸਿੰਘ ਮਸੌਣ ਦੀ ਪੋਸਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਭਾਨਾ ਸਿੱਧੂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ਕਿ ‘ਤੈਨੂੰ ਤੇਰੇ ਘਰ ਆ ਕੇ ਟੱਕਰਾਗੇ’। ਬਰਨਾਲਾ ਦੇ ਵਕੀਲਾਂ ਵਿੱਚ ਭਾਨਾ ਸਿੱਧੂ ਦੇ ਰਵੱਈਏ ਖ਼ਿਲਾਫ਼ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਵਕੀਲਾਂ ਦੀ ਜਥੇਬੰਦੀ ਵੱਲੋਂ ਇਸ ਸਬੰਧੀ ਅੱਜ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ। ਦੂਜੇ ਪਾਸੇ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਐਡਵੋਕੇਟ ਗੁਰਪ੍ਰੀਤ ਸਿੰਘ ਥਿੰਦ ਉੱਪਰ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਭਾਨਾ ਸਿੱਧੂ ਨਾਲ ਮੋਬਾਈਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।