ਚੰਡੀਗੜ੍ਹ,16 ਅਪ੍ਰੈਲ, Gee98 News Network
-ਪੰਜਾਬ ‘ਚ ਏਡਜ਼ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਦੇ ਅੰਕੜਿਆਂ ਨੇ ਪੰਜਾਬੀਆਂ ਲਈ ਸਿਹਤ ਦੇ ਮਾਮਲੇ ਵਿੱਚ ਚਿੰਤਾ ਖੜੀ ਕਰ ਦਿੱਤੀ ਹੈ। ਜੇਕਰ HIV ਟੈਸਟਾਂ ਦੌਰਾਨ ਪਾਈ ਜਾ ਰਹੀ ਪਾਜੀਟਿਵ ਦਰ ‘ਚ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ‘ਚ ਮੌਜੂਦਾ ਦਰ ਦੇ ਹਿਸਾਬ ਨਾਲ ਪੰਜਾਬ ਤੀਜੇ ਸਥਾਨ ‘ਤੇ ਹੈ। ਪੰਜਾਬ ‘ਚ ਏਡਜ਼ ਪੀੜਤਾਂ ‘ਚ ਵਾਧੇ ਦੀ ਦਰ 1.27 ਹੈ, ਜਦ ਕਿ ਮਿਜ਼ੋਰਮ 2.1 ਫੀਸ ਦੀ ਦਰ ਨਾਲ ਪਹਿਲੇ ਅਤੇ ਅਸਾਮ 1.74 ਫੀਸਦੀ ਦਰ ਨਾਲ ਦੂਜੇ ਨੰਬਰ ‘ਤੇ ਹੈ। ਪੰਜਾਬ ਤੋਂ ਬਾਅਦ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਦਿੱਲੀ, ਆਂਧਰਾ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਦਾ ਨੰਬਰ ਆਉਂਦਾ ਹੈ, ਜਿੱਥੇ ਏਡਜ਼ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਐੱਚਆਈਵੀ (HIV ) ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਸੁੁਰੱਖਿਅਤ ਤਰੀਕੇ ਨਾਲ ਆਪਸ ਵਿੱਚ ਸਾਂਝੀਆ ਕੀਤੀਆਂ ਜਾ ਰਹੀ ਸਰਿੰਜਾਂ ਵਾਲੀਆਂ ਸੂਈਆਂ ਹਨ ਅਤੇ ਇਸ ਤੋਂ ਇਲਾਵਾ ਇਹ ਵਾਇਰਸ ਅਸੁੁਰੱਖਿਅਤ ਸਰੀਰਿਕ ਸੰਬੰਧ, ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਛਾਤੀ ਦਾ ਦੁੱਧ ਚੁੰਘਾਉਣ ਦੁੁਆਰਾ ਫੈਲਦਾ ਹੈ।