ਚੰਡੀਗੜ੍ਹ ,18 ਜੂਨ , Gee98 news service
-ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖ਼ਾਤੇ HDFC ਬੈਂਕ ਵਿੱਚ ਹਨ ਉਹਨਾਂ ਲਈ ਇਹ ਖ਼ਬਰ ਬੜੀ ਅਹਿਮ ਹੈ ਕਿਉਂਕਿ ਸਰਕਾਰ ਨੇ HDFC ਬੈਂਕ ਦੇ ਖ਼ਿਲਾਫ਼ ਲਕੀਰ ਖਿੱਚ ਦਿੱਤੀ ਹੈ। HDFC ਬੈਂਕ ਦੇ ਖਾਤਾਧਾਰਕ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਲੈਣ ਵਿੱਚ ਮੁਸ਼ਕਿਲ ਪੇਸ਼ ਆ ਸਕਦੀ ਹੈ ਕਿਉਂਕਿ ਸਰਕਾਰ ਨੇ ਐਚਡੀਐਫਸੀ ਬੈਂਕ ਨਾਲੋਂ ਜਿੱਥੇ ਸਰਕਾਰੀ ਤੌਰ ‘ਤੇ ਨਾਤੇ ਤੋੜ ਲਏ ਹਨ ਉਥੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੀ ਬੈਂਕ ਤੋਂ ਖ਼ਾਤੇ ਤਬਦੀਲ ਕਰਕੇ ਕਿਸੇ ਹੋਰ ਬੈਂਕ ਵਿੱਚ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਇਸ ਮਾਮਲੇ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇੱਕ ਸਮੱਸਿਆ ਇਹ ਵੀ ਖੜੀ ਹੋ ਸਕਦੀ ਹੈ ਕਿ ਜਿਹੜੇ ਮੁਲਾਜ਼ਮਾਂ ਨੇ ਆਪਣੀ ਤਨਖ਼ਾਹ ਅਤੇ ਪੈਨਸ਼ਨ ਦੇ ਮੁਕਾਬਲੇ HDFC ਬੈਂਕ ਤੋਂ ਕਿਸੇ ਵੀ ਤਰ੍ਹਾਂ ਦੇ ਲੋਨ ਕਰਵਾਏ ਹਨ ਉਹਨਾਂ ਲਈ ਤੁਰੰਤ ਖ਼ਾਤਾ ਤਬਦੀਲ ਕਰਵਾਉਣਾ ਸੌਖਾ ਨਹੀਂ ਹੋਵੇਗਾ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ HDFC ਬੈਂਕ ਨੂੰ ਡੀਪੈਨਲ ਕਰਦੇ ਹੋਏ ਬੈਂਕ ਨਾਲ ਹਰ ਤਰ੍ਹਾਂ ਦਾ ਲੈਣ ਦੇਣ ਖ਼ਤਮ ਕਰ ਦਿੱਤਾ ਸੀ। ਸੂਬੇ ਦੇ ਖਜ਼ਾਨਾ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਹੁਕਮ ਦਿੱਤਾ ਸੀ ਕਿ HDFC ਬੈਂਕ ਵਿੱਚ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਾ ਕੀਤਾ ਜਾਵੇ। ਸਰਕਾਰ ਨੇ ਸਿਰਫ਼ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੀ ਨਹੀਂ ਸਗੋਂ ਪ੍ਰਾਈਵੇਟ ਫਰਮਾਂ ਤੇ ਠੇਕੇਦਾਰਾਂ ਨੂੰ ਵੀ ਆਪਣੇ ਖ਼ਾਤੇ ਐਚਡੀਐਫਸੀ ਬੈਂਕ ਤੋਂ ਤਬਦੀਲ ਕਰਨ ਲਈ ਕਿਹਾ ਹੈ, ਕਿਸੇ ਵੀ ਤਰ੍ਹਾਂ ਦਾ ਸਰਕਾਰੀ ਕੰਮ ਕਰਨ ਵਾਲੀ ਕਿਸੇ ਵੀ ਪ੍ਰਾਈਵੇਟ ਫਾਰਮ ਜਾਂ ਠੇਕੇਦਾਰ ਦੇ ਖ਼ਾਤੇ ਜੇਕਰ HDFC ਬੈਂਕ ਵਿੱਚ ਹੋਣਗੇ ਤਾਂ ਉਹਨਾਂ ਦੇ ਕੰਮਾਂ ਦੀ ਪੇਮੈਂਟ ਰੁਕ ਸਕਦੀ ਹੈ। ਚੇਤੇ ਰਹੇ ਕੇ ਸੂਬੇ ਦੇ ਮਾੜੇ ਵਿੱਤੀ ਹਾਲਾਤਾਂ ਦੇ ਕਾਰਨ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਹੁਕਮ ਕੀਤਾ ਸੀ ਕਿ ਉਹ ਆਪਣਾ ਸਾਰੀਆਂ ਬੈਂਕਾਂ ਵਿੱਚ ਪਿਆ ਪੈਸਾ ਮੁੱਖ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਪ੍ਰੰਤੂ HDFC ਬੈਂਕ ਨੇ ਕਈ ਵਿਭਾਗਾਂ ਦਾ ਪੈਸਾ ਮੁੱਖ ਖਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਦੇ ਡੀਪੈਨਲ ਕਰਦੇ ਹੋਏ ਸਾਰੇ ਵਿੱਤੀ ਰਿਸ਼ਤੇ ਨਾਤੇ ਤੋੜ ਲਏ ਸਨ ਅਤੇ ਹੁਣ ਸਰਕਾਰ ਨੇ ਬੈਂਕ ਦੇ ਖ਼ਿਲਾਫ਼ ਹੋਰ ਸਖ਼ਤ ਕਦਮ ਚੁੱਕਦੇ ਹੋਏ ਆਪਣੇ ਮੁਲਾਜ਼ਮਾਂ, ਪੈਨਸ਼ਨਾਂ, ਪ੍ਰਾਈਵੇਟ ਫਰਮਾਂ ਅਤੇ ਠੇਕੇਦਾਰਾਂ ਨੂੰ ਵੀ ਬੈਂਕ ਨਾਲੋਂ ਲੈਣ ਦੇਣ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੈਂਕ ਦੇ ਉੱਚ ਅਧਿਕਾਰੀਆਂ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਮਿਲ ਕੇ ਬੈਂਕ ਦੇ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ।