ਚੰਡੀਗੜ੍ਹ,11 ਅਪ੍ਰੈਲ, Gee98 News service
-ਕਿਸੇ ਵੀ ਵਿਅਕਤੀ ਨੂੰ ਵਿਦੇਸ਼ ਯਾਤਰਾ ਲਈ ਪਾਸਪੋਰਟ ਦੀ ਲੋੜ ਪੈਂਦੀ ਹੈ। ਵਿਦੇਸ਼ ਯਾਤਰਾ ਲਈ ਪਾਸਪੋਰਟ ਦਾ ਕੋਈ ਬਦਲ ਨਹੀਂ ਹੈ। ਭਾਰਤ ਵਿੱਚ ਪਾਸਪੋਰਟ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਪਾਸਪੋਰਟ ਸਬੰਧੀ ਸਮੇਂ ਸਮੇਂ ‘ਤੇ ਨਿਯਮਾਂ ਵਿੱਚ ਬਦਲਾਅ ਵੀ ਕੀਤੇ ਜਾ ਰਹੇ ਹਨ। ਇਹਨਾਂ ਪਾਸਪੋਰਟ ਨਿਯਮਾਂ ਸਬੰਧੀ ਸਰਕਾਰ ਵੱਲੋਂ ਹੁਣ ਇੱਕ ਹੋਰ ਬਦਲਾਅ ਕੀਤਾ ਗਿਆ ਹੈ ਜਿਸ ਤਹਿਤ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਨ ਲਈ ਹੁਣ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਪਹਿਲਾਂ ਜੇਕਰ ਕੋਈ ਪਤੀ ਪਤਨੀ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਨਾ ਚਾਹੁੰਦੇ ਸਨ ਤਾਂ ਇਸ ਦੇ ਲਈ ਇੱਕ ਲੰਮੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ ਜਿਸ ਲਈ ਵਿਆਹ ਦਾ ਸਰਟੀਫਿਕੇਟ ਵੀ ਜ਼ਰੂਰੀ ਸੀ। ਸਾਡੇ ਮੁਲਕ ਵਿੱਚ ਵਿਆਹ ਦਾ ਸਰਟੀਫਿਕੇਟ ਬਣਾਉਣਾ ਅਜੇ ਸੌਖਾ ਨਹੀਂ। ਅਜੋਕੇ ਦੌਰ ਵਿੱਚ ਵੀ ਯੂਪੀ, ਬਿਹਾਰ, ਮੱਧ ਪ੍ਰਦੇਸ਼ ਵਰਗੇ ਰਾਜਾਂ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਦੇ ਵਸਨੀਕ ਮੈਰਿਜ ਸਰਟੀਫਿਕੇਟ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ ਪ੍ਰੰਤੂ ਜਦੋਂ ਉਹਨਾਂ ਨੂੰ ਮੈਰਿਜ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਤਾਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਵਿੱਚੋਂ ਇੱਕ ਅਹਿਮ ਲੋੜ ਹੈ ਕਿ ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਦਰਜ ਕਰਨ ਮੌਕੇ ਮੈਰਿਜ ਸਰਟੀਫਿਕੇਟ ਦੀ ਲੋੜ ਪੈਂਦੀ ਸੀ। ਵਿਦੇਸ਼ ਮੰਤਰਾਲੇ ਨੇ ਵਿਆਹ ਤੋਂ ਬਾਅਦ ਪਾਸਪੋਰਟ ਵਿੱਚ ਆਪਣੇ ਜੀਵਨ ਸਾਥੀ ਦਾ ਨਾਮ ਜੋੜਨ ਲਈ ਮੈਰਿਜ ਸਰਟੀਫਿਕੇਟ ਦੀ ਲੋੜ ਨੂੰ ਖਤਮ ਕਰ ਦਿੱਤਾ, ਹੁਣ ਮੈਰਿਜ ਸਰਟੀਫਿਕੇਟ ਦੀ ਜਗ੍ਹਾ ਸਵੈ ਘੋਸ਼ਣਾ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਗਈ ਹੈ। ਹੁਣ ਲੋਕਾਂ ਨੂੰ Annexure J ਦਾ ਬਦਲ ਮਿਲੇਗਾ ਜਿਸ ਉੱਪਰ ਹੁਣ ਆਪਣੇ ਵਿਆਹ ਦੀਆਂ ਫੋਟੋਆਂ ਅਤੇ ਸਾਂਝੀਆਂ ਫੋਟੋਆਂ ਅਪਲੋਡ ਕੀਤੀਆਂ ਜਾ ਸਕਣਗੀਆਂ ਜਿਸ ‘ਤੇ ਦੋਵਾਂ ਦੇ ਸਾਂਝੇ ਦਸਤਖ਼ਤ ਹੋਣਗੇ ਅਤੇ ਕੁਝ ਹੋਰ ਲੋੜੀਂਦੀ ਜਾਣਕਾਰੀ ਵੀ ਦਰਜ ਕਰਨੀ ਪਵੇਗੀ, ਜਿਸ ਤੋਂ ਬਾਅਦ ਤਿਆਰ ਹੋਏ ਦਸਤਾਵੇਜ਼ ਨੂੰ ਮੈਰਿਜ ਸਰਟੀਫਿਕੇਟ ਹੀ ਮੰਨਿਆ ਜਾਵੇਗਾ। ਜਿਸ ਦੇ ਆਧਾਰ ‘ਤੇ ਪਤੀ ਪਤਨੀ ਦੇ ਨਾਮ ਪਾਸਪੋਰਟ ਵਿੱਚ ਜੋੜੇ ਜਾਣਗੇ।