ਚੰਡੀਗੜ੍ਹ,17 ਮਾਰਚ, Gee98 News service
-ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਜਾਣ ਵਾਲੇ ਬੱਚਿਆਂ ਦੀ ਸਿਹਤ ਸਬੰਧੀ ਸਾਹਮਣੇ ਆ ਰਹੇ ਅੰਕੜੇ ਪੰਜਾਬ ਸਰਕਾਰ ਦੀ ਸਿਹਤ ਢਿੱਲੀ ਕਰਨ ਵਾਲੇ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਪੋਸ਼ਣ ਟਰੈਕਰ ‘ਤੇ ਸਾਹਮਣੇ ਆ ਰਹੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਦਾ ਭਵਿੱਖ ਬਹੁਤਾ ਤੰਦਰੁਸਤ ਨਹੀਂ ਹੈ। ਪੰਜ ਸਾਲ ਦੀ ਉਮਰ ਤੱਕ ਦੇ ਇਹਨਾਂ ਬੱਚਿਆਂ ਦੀ ਸਿਹਤ ਸਬੰਧੀ ਜੋ ਅੰਕੜੇ ਟਰੈਕਰ ‘ਤੇ ਸਾਹਮਣੇ ਆਏ ਹਨ ਉਹਨਾਂ ਅਨੁਸਾਰ ਹਰੇਕ ਤੀਜੇ ਬੱਚੇ ਪਿੱਛੇ ਇੱਕ ਬੱਚੇ ਵਿੱਚ ਕੋਈ ਨਾ ਕੋਈ ਸਰੀਰਕ ਕਮਜ਼ੋਰੀ ਹੈ। ਕੁਝ ਬੱਚਿਆਂ ਦਾ ਕੱਦ ਉਮਰ ਦੇ ਹਿਸਾਬ ਨਾਲ ਨਹੀਂ ਵੱਧ ਰਿਹਾ ਅਤੇ ਕੁਝ ਬੱਚਿਆਂ ਦਾ ਭਾਰ ਘੱਟ ਹੈ ਤੇ ਕੁਝ ਬੱਚਿਆਂ ਦਾ ਭਾਰ ਵੱਧ ਹੈ ਜਦੋਂ ਕਿ ਕੁਝ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ। ਪੰਜ ਸਾਲ ਤੱਕ ਦੀ ਉਮਰ ਦੇ 20 ਫੀਸਦੀ ਬੱਚੇ ਸਟੰਟਿੰਗ ਤੋਂ ਪੀੜਤ ਹਨ ਜਦੋਂ ਕਿ ਛੇ ਫੀਸਦੀ ਬੱਚੇ ਘੱਟ ਭਾਰ ਤੋਂ ਪੀੜਤ ਹਨ, ਇਸੇ ਤਰ੍ਹਾਂ ਪੰਜ ਫੀਸਦੀ ਬੱਚੇ ਜ਼ਿਆਦਾ ਭਾਰ ਵਾਲੇ ਹਨ ਜਦਕਿ ਤਿੰਨ ਫੀਸਦੀ ਬੱਚੇ ਕੁਪੋਸ਼ਣ ਤੋਂ ਪੀੜਤ ਹਨ। ਸੂਬੇ ਦੇ 98 ਫੀਸਦੀ ਬੱਚਿਆਂ ਦੇ ਰਿਕਾਰਡ ਅਨੁਸਾਰ ਜੇਕਰ ਛੇ ਸਾਲ ਦੀ ਉਮਰ ਦੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚੋਂ 19 ਫੀਸਦੀ ਦਾ ਕੱਦ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਨਹੀਂ ਵੱਧ ਰਿਹਾ। ਬੱਚਿਆਂ ਦੀ ਸਿਹਤ ਸਬੰਧੀ ਇਹ ਹਾਲਾਤ ਚਿੰਤਾਜਨਕ ਹਨ। ਦੱਸ ਦੇਈਏ ਦਈਏ ਕਿ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਪੌਸਟਿਕ ਭੋਜਨ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪ੍ਰੰਤੂ ਆਂਗਨਵਾੜੀ ਕੇਂਦਰਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਇਹ ਸ਼ਰੇਆਮ ਠੋਕ ਵਜਾ ਕੇ ਆਖ ਰਹੀਆਂ ਹਨ ਕਿ ਬੱਚਿਆਂ ਨੂੰ ਦਿੱਤਾ ਜਾ ਰਿਹਾ ਖਾਣਾ ਪੌਸ਼ਟਿਕ ਨਹੀਂ ਹੈ, ਇਸ ਦੇ ਬਾਵਜੂਦ ਵੀ ਸਰਕਾਰ ਇਸ ਮਾਮਲੇ ਵੱਲ ਧਿਆਨ ਨਹੀਂ ਦੇ ਰਹੀ। ਇਸ ਤੋਂ ਇਲਾਵਾ ਵੱਡੀ ਗਿਣਤੀ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਅਸਾਮੀਆਂ ਵੀ ਖਾਲੀ ਹਨ, ਜਿਸ ਤੋਂ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਵੱਡੀ ਗਿਣਤੀ ਸੈਂਟਰਾਂ ਵਿੱਚ ਅਸਾਮੀਆਂ ਹੀ ਖਾਲੀ ਹਨ ਤਾਂ ਬੱਚਿਆਂ ਦੀ ਸਿਹਤ ਸੰਭਾਲ ਠੀਕ ਤਰੀਕੇ ਨਾਲ ਕਿਵੇਂ ਹੋਵੇਗੀ। ਸਪੱਸ਼ਟ ਹੈ ਕਿ ਆਂਗਣਵਾੜੀ ਕੇਂਦਰਾਂ ਵਿੱਚ ਅਸਾਮੀਆਂ ਖਾਲੀ ਹੋਣ ਕਾਰਨ ਬੱਚਿਆਂ ਨਾਲ ਸੰਬੰਧਿਤ ਸਾਰੀਆਂ ਯੋਜਨਾਵਾਂ ਦਾ ਲਾਭ ਦੇਣ ਵਿੱਚ ਮੁਸ਼ਕਿਲਾਂ ਪੈਦਾ ਹੁੰਦੀਆਂ ਹਨ। ਜ਼ਿਕਰ ਯੋਗ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਗਰਭਵਤੀ ਔਰਤਾਂ ਤੇ ਬੱਚਿਆਂ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾ ਰਹੀਆਂ ਹਨ। ਜਿਸ ਤਹਿਤ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਨਮਕੀਨ ਦਲੀਆ, ਮਿੱਠਾ ਦਲੀਆ, ਚੌਲ ਅਤੇ ਖਿਚੜੀ ਵਗੈਰਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦਾ ਸਮੇਂ-ਸਮੇਂ ਸਿਰ ਨਿਰੀਖਣ ਵੀ ਕੀਤਾ ਜਾਂਦਾ ਹੈ ਇਸ ਦੇ ਬਾਵਜੂਦ ਵੀ ਬੱਚਿਆਂ ਦੀ ਸਿਹਤ ਸਬੰਧੀ ਸਾਹਮਣੇ ਆ ਰਹੇ ਅੰਕੜੇ ਚਿੰਤਾਜਨਕ ਹਨ। ਇਸ ਦਾ ਇੱਕੋ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ਕਿਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਭੋਜਨ ਕਾਗਜ਼ਾਂ ਵਿੱਚ ਹੀ ਪੌਸ਼ਟਿਕ ਹੈ ਜਦ ਕਿ ਅਸਲੀਅਤ ਵਿੱਚ ਇਸ ਭੋਜਨ ਵਿੱਚ ਪੌਸ਼ਟਿਕਤਾ ਦੇ ਤੱਤ ਨਹੀਂ ਹਨ। ਪੰਜ ਸਾਲ ਤੱਕ ਦੀ ਉਮਰ ਦੇ ਇਹਨਾਂ ਬੱਚਿਆਂ ਦੀ ਸਿਹਤ ਸਬੰਧੀ ਸਾਹਮਣੇ ਆਏ ਇਹ ਅੰਕੜੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲਣ ਵਾਲੇ ਹਨ, ਜੇਕਰ ਅਜੇ ਵੀ ਦੇਰੀ ਕੀਤੀ ਗਈ ਤਾਂ ਕੁਪੋਸ਼ਣ ਦੀ ਦਰ ਕੰਟਰੋਲ ਤੋਂ ਬਾਹਰ ਵੀ ਹੋ ਸਕਦੀ ਹੈ।