ਚੰਡੀਗੜ੍ਹ,8 ਮਾਰਚ, Gee98 news service
-ਸਮਾਜ ਵਿੱਚ ਰੋਜ਼ ਠੱਗੀਆਂ ਮਾਰਨ ਦੀਆਂ ਨਵੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਲੋਕ ਵੀ ਲਾਲਚ ਦੇ ਕਾਰਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਠੱਗੀ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਹ ਠੱਗੇ ਗਏ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਕਈ ਵਾਰ ਤਾਂ ਹੈਰਾਨੀ ਹੁੰਦੀ ਹੈ ਕਿ ਇਹ ਨੌਸਰਬਾਜ਼ ਠੱਗੀ ਮਾਰਨ ਦੇ ਢੰਗ ਤਰੀਕੇ ਸਿੱਖਦੇ ਕਿੱਥੋਂ ਹਨ। ਅਜਿਹੀ ਇੱਕ ਘਟਨਾ ਪਿਛਲੇ ਦਿਨੀਂ ਡੇਰਾਬੱਸੀ ਵਿਖੇ ਵਾਪਰੀ ਜਦ ਇੱਕ ਔਰਤ ਮੁਫ਼ਤ ਕੰਬਲ ਲੈਣ ਦੇ ਲਾਲਚ ਵਿੱਚ ਆਪਣੇ ਕੰਨਾਂ ਵਿੱਚ ਪਾਏ ਸੋਨੇ ਦੇ ਟੌਪਸ ਗੁਆ ਬੈਠੀ। ਦਰਅਸਲ ਲਾਲੜੂ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ LIC ਦਫ਼ਤਰ ਵਿੱਚ ਕਿਸੇ ਕੰਮ ਆਈ ਸੀ ਅਤੇ ਜਦ ਉਹ ਦਫ਼ਤਰ ਤੋਂ ਬਾਹਰ ਸੜਕ ‘ਤੇ ਆਈ ਤਾਂ ਉਥੇ ਇੱਕ ਨੌਜਵਾਨ ਮਿਲਿਆ ਜਿਸ ਨੇ ਬਜ਼ੁਰਗ ਔਰਤ ਨੂੰ ਦੱਸਿਆ ਕਿ ਨੇੜੇ ਹੀ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਮੁਫ਼ਤ ਕੰਬਲ ਵੰਡੇ ਜਾ ਰਹੇ ਹਨ। ਨੌਜਵਾਨ ਨੇ ਬਜ਼ੁਰਗ ਔਰਤ ਨੂੰ ਕਿਹਾ ਕਿ ਜੇਕਰ ਉਸ ਦੇ ਨਾਲ ਚੱਲੇ ਤਾਂ ਉਸ ਨੂੰ ਕੰਬਲ ਮਿਲ ਜਾਵੇਗਾ। ਬਜ਼ੁਰਗ ਔਰਤ ਨੇ ਵੇਖਿਆ ਕਿ ਬੈਂਕ ਦੇ ਬਾਹਰ ਇੱਕ ਟੈਂਟ ਲੱਗਿਆ ਹੋਇਆ ਸੀ ਤਾਂ ਉਹ ਨੌਜਵਾਨ ਦੇ ਨਾਲ ਉੱਥੇ ਚਲੀ ਗਈ। ਨੌਜਵਾਨ ਨੇ ਔਰਤ ਨੂੰ ਕਿਹਾ ਕਿ ਕੰਬਲ ਗ਼ਰੀਬ ਲੋਕਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ ਅਤੇ ਜੇਕਰ ਉਸ ਨੇ ਕੰਬਲ ਲੈਣਾ ਹੈ ਤਾਂ ਕੰਨਾਂ ‘ਚ ਪਾਏ ਸੋਨੇ ਦੇ ਟੌਪਸ ਉਤਾਰਨੇ ਪੈਣੇ ਹਨ, ਔਰਤ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਉਸ ਨੂੰ ਟੈਂਟ ਦੇ ਪਿੱਛੇ ਬਿਠਾ ਦਿੱਤਾ ਅਤੇ ਟੌਪਸ ਉਤਰਵਾ ਕੇ ਬਜ਼ੁਰਗ ਔਰਤ ਦੇ ਹੱਥ ਵਿਚ ਫੜ੍ਹੇ ਲਿਫ਼ਾਫ਼ੇ ਵਿਚ ਪਾਉਣ ਦਾ ਡਰਾਮਾ ਕੀਤਾ। ਬਜ਼ੁਰਗ ਔਰਤ ਮੁਤਾਬਕ ਉਕਤ ਨੌਜਵਾਨ ਨੇ ਕਿਹਾ ਕਿ ਕੰਬਲ ਵੰਡਣ ਵਾਲਾ ਸੇਠ ਕੰਬਲ ਦੇ ਨਾਲ ਪੈਸੇ ਵੀ ਵੰਡ ਰਿਹਾ ਹੈ ਅਤੇ ਉਹ ਹੁਣੇ ਗੱਲ ਕਰਕੇ ਆਉਂਦਾ ਹੈ। ਇਸ ਦੌਰਾਨ ਉਕਤ ਨੌਜਵਾਨ ਨੇ ਔਰਤ ਨੂੰ ਇਕ ਲਿਫ਼ਾਫ਼ਾ ਵੀ ਫੜ੍ਹਾਇਆ, ਜਿਸ ਵਿਚ ਬਿਸਕੁਟ ਅਤੇ ਚਿਪਸ ਦੇ ਪੈਕਟ ਸਨ। ਬਜ਼ੁਰਗ ਔਰਤ ਕਾਫੀ ਸਮਾਂ ਟੈਂਟ ਦੇ ਪਿੱਛੇ ਬੈਠੀ ਕੰਬਲ ਮਿਲਣ ਦਾ ਇੰਤਜਾਰ ਕਰਦੀ ਰਹੀ ਅਤੇ ਜਦੋਂ ਕੋਈ ਉਸ ਦੇ ਕੋਲ ਨਹੀਂ ਆਇਆ ਤਾਂ ਉਹ ਬੈਂਕ ਦੇ ਬਾਹਰ ਲੱਗੇ ਟੈਂਟ ‘ਚ ਗਈ ਅਤੇ ਕੰਬਲ ਬਾਰੇ ਗੱਲ ਕੀਤੀ ਤਾਂ ਔਰਤ ਨੂੰ ਉਸ ਨਾਲ ਵੱਜੀ ਠੱਗੀ ਦੀ ਸਾਰੀ ਕਹਾਣੀ ਸਮਝ ਆਈ ਪਰੰਤੂ ਉਸ ਵੇਲੇ ਤੱਕ ਦੇਰ ਹੋ ਚੁੱਕੀ ਸੀ ਅਤੇ ਨੌਸਰਬਾਜ਼ ਨੌਜਵਾਨ ਉਥੋਂ ਫਰਾਰ ਹੋ ਚੁੱਕਿਆ ਸੀ। ਠੱਗੀ ਦਾ ਸ਼ਿਕਾਰ ਹੋਈ ਬਜ਼ੁਰਗ ਔਰਤ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਬੈਂਕ ਦੇ ਸੀਸੀਟੀਵੀ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਨੌਸਰਬਾਜ਼ ਠੱਗ ਦੀ ਭਾਲ ਸ਼ੁਰੂ ਕਰ ਦਿੱਤੀ। ਇਹੋ ਜਿਹੀਆਂ ਘਟਨਾਵਾਂ ਸਮਾਜ ਵਿੱਚ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਅਤੇ ਮੀਡੀਆ ਵਿੱਚ ਅਜਿਹੀਆਂ ਖ਼ਬਰਾਂ ਨੂੰ ਵੀ ਇਸੇ ਕਰਕੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਤਾਂ ਜੋ ਲੋਕ ਠੱਗਾਂ ਤੋਂ ਬਚ ਜਾਣ ਪਰੰਤੂ ਫਿਰ ਵੀ ਲਾਲਚ ਵੱਸ ਪੈ ਕੇ ਲੋਕ ਅਜਿਹੀਆਂ ਖ਼ਬਰਾਂ ਨੂੰ ਅੱਖੋਂ ਪਰੋਖੇ ਕਰਦੇ ਹਨ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।