ਚੰਡੀਗੜ੍ਹ,6 ਜਨਵਰੀ, Gee98 News service
-ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜੇ ਜਾਣ ਦੀ ਘਟਨਾ ਸਬੰਧੀ ਸੀਸੀਟੀਵੀ ਰਾਹੀਂ ਜਦੋਂ ਦੁਕਾਨ ਮਾਲਕ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਬੇਟੇ ਨੂੰ ਲੈ ਕੇ ਮੌਕੇ ‘ਤੇ ਪੁੱਜਿਆ ਜਿੱਥੇ ਚੋਰਾਂ ਤੇ ਦੁਕਾਨ ਮਾਲਕ ਵਿਚਕਾਰ ਹੋਈ ਹੱਥੋਂਪਾਈ ‘ਚ ਦੁਕਾਨ ਮਾਲਕ ਤੇ ਇੱਕ ਚੋਰ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਘਟਨਾ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਭਾਣੋ ਲੰਗਾ ਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਡਾਕਟਰ ਗੁਰਚਰਨ ਸਿੰਘ ਆਪਣੇ ਕਲੀਨਿਕ ‘ਤੇ ਵਾਰ-ਵਾਰ ਹੁੰਦੀ ਚੋਰੀ ਤੋਂ ਪਰੇਸ਼ਾਨ ਸੀ ਜਿਸ ਕਰਕੇ ਉਹਨਾਂ ਨੇ ਕਲੀਨਿਕ ‘ਤੇ ਸੀਸੀਟੀਵੀ ਕੈਮਰੇ ਲਗਵਾ ਲਏ। ਬੀਤੀ ਰਾਤ ਕਰੀਬ 1 ਵਜੇ ਜਦ ਦੋ ਚੋਰ ਉਹਨਾਂ ਦੇ ਕਲੀਨਿਕ ਦਾ ਸ਼ਟਰ ਤੋੜ ਰਹੇ ਸਨ ਤਾਂ ਡਾਕਟਰ ਗੁਰਚਰਨ ਸਿੰਘ ਨੂੰ ਸੀਸੀਟੀਵੀ ਕੈਮਰੇ ਰਾਹੀਂ ਪਤਾ ਲੱਗਿਆ ਜਿਸ ਤੋਂ ਬਾਅਦ ਡਾਕਟਰ ਗੁਰਚਰਨ ਸਿੰਘ ਆਪਣੇ ਬੇਟੇ ਨਾਲ ਮੌਕੇ ‘ਤੇ ਪੁੱਜੇ, ਜਿੱਥੇ ਉਹਨਾਂ ਚੋਰਾਂ ਨੂੰ ਲਲਕਾਰਿਆ। ਇਸ ਦੌਰਾਨ ਚੋਰਾਂ ਅਤੇ ਡਾਕਟਰ ਗੁਰਚਰਨ ਸਿੰਘ ਵਿਚਕਾਰ ਹੱਥੋਪਾਈ ਹੋ ਗਈ। ਡੀਐਸਪੀ ਨੇ ਦੱਸਿਆ ਕਿ ਡਾਕਟਰ ਗੁਰਸ਼ਰਨ ਸਿੰਘ ਦੇ ਕੋਲ ਆਪਣੀ ਲਾਇਸੈਂਸੀ ਬੰਦੂਕ ਸੀ, ਹੱਥੋਪਾਈ ਦੌਰਾਨ ਬੰਦੂਕ ਵਿੱਚੋਂ ਚੱਲੀ ਗੋਲੀ ਨਾਲ ਡਾਕਟਰ ਗੁਰਚਰਨ ਸਿੰਘ ਦੀ ਹੀ ਮੌਤ ਹੋ ਗਈ। ਇਸ ਤਰ੍ਹਾਂ ਦੋਵੇਂ ਚੋਰ ਉਥੋਂ ਭੱਜ ਨਿਕਲੇ ਪਰੰਤੂ ਕਲੀਨਿਕ ਦੇ ਥੋੜਾ ਨੇੜੇ ਹੀ ਇੱਕ ਚੋਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਡਾਕਟਰ ਗੁਰਚਰਨ ਸਿੰਘ ਦੇ ਨਾਲ ਆਏ ਉਸ ਦੇ ਬੇਟੇ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ ‘ਤੇ ਪੁੱਜੀ ਅਤੇ ਡਾਕਟਰ ਗੁਰਚਰਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਪ੍ਰੰਤੂ ਉਥੇ ਖੜੇ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਥੋੜੀ ਦੂਰ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਜਦ ਪੁਲਿਸ ਉਥੇ ਪੁੱਜੀ ਤਾਂ ਪਤਾ ਲੱਗਿਆ ਕਿ ਉਹ ਚੋਰੀ ਕਰਨ ਆਏ ਦੋਵੇਂ ਚੋਰਾਂ ਵਿੱਚੋਂ ਇੱਕ ਚੋਰ ਦੀ ਹੀ ਲਾਸ਼ ਹੈ, ਜਿਸ ਨੂੰ ਭੱਜੇ ਜਾਂਦੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਸੀ, ਜਦ ਕਿ ਦੂਜਾ ਚੋਰ ਆਪਣੇ ਸਾਥੀ ਨੂੰ ਛੱਡ ਕੇ ਫਰਾਰ ਹੋ ਗਿਆ। ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਵੱਖ ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਫਰਾਰ ਹੋਏ ਚੋਰ ਦੀ ਵੀ ਸੀਸੀਟੀਵੀ ਕੈਮਰੇ ਦੀ ਫੁਟੇਜ ਆਧਾਰ ‘ਤੇ ਪਛਾਣ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ-ਮ੍ਰਿਤਕ ਡਾਕਟਰ ਗੁਰਚਰਨ ਸਿੰਘ ਦੀ ਫਾਈਲ ਫੋਟੋ