ਚੰਡੀਗੜ੍ਹ,6 ਜਨਵਰੀ, Gee98 news service
-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨੀ ਗ੍ਰਿਫ਼ਤਾਰ ਕੀਤੇ ਗਏ ਆਰਟੀਏ ਬਠਿੰਡਾ ਦੇ ਗੰਨਮੈਨ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਨੇ ਆਰਟੀਏ ਦਫਤਰਾਂ ਵਿੱਚ ਰਿਸ਼ਵਤ ਦੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ। ਵਿਜੀਲੈਂਸ ਬਿਊਰੋ ਮੋਹਾਲੀ ਦੀ ਫਲਾਇੰਗ ਸਕੁਐਡ ਟੀਮ ਨੇ ਪਿੰਡ ਲਹਿਰਾ ਧੂਰਕੋਟ ਦੇ ਟਰਾਂਸਪੋਰਟਰ ਧਰਮ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਬਠਿੰਡਾ ਤੋਂ ਗ੍ਰਿਫਤਾਰ ਕੀਤੇ ਆਰਟੀਏ ਆਰਪੀ ਸਿੰਘ ਦੇ ਗੰਨਮੈਨ ਵਜੋਂ ਤਇਨਾਤ ਕਾਂਸਟੇਬਲ ਸੁਖਪ੍ਰੀਤ ਸਿੰਘ ਨੇ ਮੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਗੰਨਮੈਨ ਸੁਖਪ੍ਰੀਤ ਸਿੰਘ, ਗੰਨਮੈਨ ਗੁਰਜੀਤ ਸਿੰਘ ਅਤੇ ਕੁਝ ਹੋਰ ਪ੍ਰਾਈਵੇਟ ਵਿਅਕਤੀ ਟਰਾਂਸਪੋਰਟਰਾਂ ਤੋਂ 25 ਤੋਂ 30 ਲੱਖ ਰੁਪਏ ਪ੍ਰਤੀ ਮਹੀਨਾ ਵਸੂਲਦੇ ਸਨ। ਭਾਵੇਂ ਕਿ ਮੁਲਜ਼ਮ ਹੌਲਦਾਰ ਸੁਖਪ੍ਰੀਤ ਸਿੰਘ ਦੀ ਬਤੌਰ ਗੰਨਮੈਨ ਤਾਇਨਾਤੀ ਆਰਟੀਏ ਆਰਪੀ ਸਿੰਘ ਕੋਲ ਸੀ, ਪਰ ਉਹ ਏਡੀਟੀਓ ਅੰਕਿਤ ਬਾਂਸਲ ਦੇ ਨਾਲ ਹੀ ਹੁੰਦਾ ਸੀ। ਜ਼ਿਕਰਯੋਗ ਹੈ ਕਿ ਅੰਕਿਤ ਬਾਂਸਲ ਫੂਡ ਸਪਲਾਈ ਵਿਭਾਗ ਤੋਂ ਡੈਪੂਟੇਸ਼ਨ ‘ਤੇ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਆਰਟੀਏ ਦਫ਼ਤਰ ਆਏ ਹਨ। ਜਦੋਂ ਤੋਂ ਉਹ ਏਡੀਟੀਓ ਤਾਇਨਾਤ ਸਨ, ਉਦੋਂ ਤੋਂ ਹੀ ਉਹ ਸੁਰਖੀਆਂ ਵਿਚ ਹਨ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੰਨਮੈਨ ਸੁਖਪ੍ਰੀਤ ਸਿੰਘ ਹੀ ਪੈਸੇ ਵਸੂਲਣ ਵਿਚ ਇਕੱਲਾ ਨਹੀਂ ਸੀ, ਸਗੋਂ ਉਸ ਦੇ ਨਾਲ ਇਕ ਹੋਰ ਗੰਨਮੈਨ ਗੁਰਜੀਤ ਸਿੰਘ ਅਤੇ ਮੌੜ ਮੰਡੀ ਦੇ ਇਕ ਨਿੱਜੀ ਵਿਅਕਤੀ ਜੱਗੀ ਨੇ ਵੀ ਵੱਡੀ ਭੂਮਿਕਾ ਨਿਭਾਈ ਸੀ। ਜਾਂਚ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਜੱਗੀ ਨੂੰ ਵੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਏਡੀਟੀਓ ਅੰਕਿਤ ਅਤੇ ਗੰਨਮੈਨ ਗੁਰਜੀਤ ਸਿੰਘ ਨੂੰ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਮੁਹਾਲੀ ਬੁਲਾਇਆ ਗਿਆ ਹੈ। ਮੁਲਜਮ ਸੁਖਪ੍ਰੀਤ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਵਿਜੀਲੈਂਸ ਇਹ ਪੜਤਾਲ ਵੀ ਕਰ ਰਹੀ ਹੈ ਕਿ ਕੋਈ ਗੰਨਮੈਨ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਆਪਣੇ ਪੱਧਰ ‘ਤੇ ਲੱਖਾਂ ਰੁਪਏ ਦੀ ਰਿਸ਼ਵਤ ਪ੍ਰਤੀ ਮਹੀਨਾ ਕਿਵੇਂ ਲੈ ਸਕਦਾ ਹੈ। ਫੜੇ ਗਏ ਮੁਲਜ਼ਮ ਕਾਂਸਟੇਬਲ ਸੁਖਪ੍ਰੀਤ ਸਿੰਘ ਨੇ ਇਹ ਖੁਲਾਸਾ ਵੀ ਕੀਤਾ ਹੈ ਕਿ ਏਡੀਟੀਓ ਅੰਕਿਤ ਕੁਮਾਰ ਦਾ ਦੂਸਰਾ ਗੰਨਮੈਨ ਕਾਂਸਟੇਬਲ ਗੁਰਨਜੀਤ ਸਿੰਘ ਵੀ ਟਰਾਂਸਪੋਰਟਰਾਂ ਤੋਂ ਹਰ ਮਹੀਨੇ 8 ਤੋਂ 10 ਲੱਖ ਰੁਪਏ ਦੀ ਵਸੂਲੀ ਕਰਦਾ ਸੀ। ਆਪਣੀ ਸ਼ਿਕਾਇਤ ਵਿਚ ਧਰਮ ਸਿੰਘ ਨੇ ਦੋਸ਼ ਲਾਇਆ ਸੀ ਕਿ ਸਹਾਇਕ ਟਰਾਂਸਪੋਰਟ ਅਫ਼ਸਰ (ਏਟੀਓ) ਅਤੇ ਕਾਂਸਟੇਬਲ ਸੁਖਪ੍ਰੀਤ ਸਿੰਘ ਅਤੇ ਜੱਗੀ ਸਿੰਘ ਵਾਸੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਉਸ ਦੇ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੱਟੇ ਜਾਣ ਤੋਂ ਬਚਾਉਣ ਲਈ ਪ੍ਰਤੀ ਮਹੀਨਾ ਮੋਟੀ ਰਿਸ਼ਵਤ ਦੀ ਮੰਗ ਕਰ ਰਹੇ ਹਨ ਅਤੇ ਰਿਸ਼ਵਤ ਲੈ ਵੀ ਰਹੇ ਹਨ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ, ਜਿਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸ਼ਿਕਾਇਤ ਦੀ ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ ਕਿਉਂਕਿ ਦੋਸ਼ੀ ਕਰਮਚਾਰੀ ਸ਼ਿਕਾਇਤਕਰਤਾ ਦੇ ਟਰਾਂਸਪੋਰਟ ਵਾਹਨਾਂ ਨੂੰ ਨਿਰਵਿਘਨ ਚੱਲਣ ਦੇਣ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਆਡੀਓ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਮੋਹਾਲੀ ਦੀ ਫਲਾਇੰਗ ਸਕੁਐਡ ਟੀਮ ਨੇ ਹੌਲਦਾਰ ਸੁਖਪ੍ਰੀਤ ਸਿੰਘ ਅਤੇ ਜੱਗੀ ਸਿੰਘ ਖਿਲਾਫ ਐੱਫਆਈਆਰ ਦਰਜ ਕੀਤੀ। ਬਠਿੰਡਾ ‘ਚ ਉਸ ਦੇ ਗੰਨਮੈਨ ਗੁਰਨਜੀਤ ਸਿੰਘ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ ਤਾਂ ਜੋ ਸੁਖਪ੍ਰੀਤ ਸਿੰਘ ਵੱਲੋਂ ਕੀਤੇ ਗਏ ਕਬੂਲਨਾਮੇ ਸਮੇਤ ਹੋਰ ਸਬੂਤਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾ ਸਕੇ।