ਬਰਨਾਲਾ,5 ਜਨਵਰੀ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਮੁਖੀ ਦੀ ਚੋਣ ਵਿੱਚ ਮੌਜੂਦਾ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਕੌਂਸਲ ਦੇ ਦੂਜੀ ਵਾਰ ਚੇਅਰਮੈਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਫਾਰਮੇਸੀ ਕੌਂਸਲ ਦੀਆਂ ਚੋਣਾਂ ਵਿੱਚ ਸੁਸ਼ੀਲ ਬਾਂਸਲ ਨੇ ਬਤੌਰ ਮੈਂਬਰ ਚੋਣ ਲੜਦੇ ਹੋਏ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਬਤੌਰ ਚੇਅਰਮੈਨ ਆਪਣੇ ਪਹਿਲੇ ਕਾਰਜਕਾਲ ਦੌਰਾਨ ਸੁਸ਼ੀਲ ਕੁਮਾਰ ਬਾਂਸਲ ਨੇ ਆਪਣੇ ਕੀਤੇ ਕੰਮਾਂ ਸਦਕਾ ਆਪਣੀ ਸੁਯੋਗ ਲੀਡਰਸ਼ਿਪ ਦਾ ਸਬੂਤ ਦਿੱਤਾ ਜਿਸ ਤੋਂ ਬਾਅਦ ਕੌਂਸਲ ਦੇ ਮੈਂਬਰਾਂ ਨੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਵਿੱਚ ਚੇਅਰਮੈਨੀ ਦਾ ਤਾਜ ਦੁਬਾਰਾ ਸੁਸ਼ੀਲ ਕੁਮਾਰ ਬਾਸਲ ਦੇ ਸਿਰ ‘ਤੇ ਟਿਕਾਇਆ। ਬਰਨਾਲਾ ਜ਼ਿਲ੍ਹੇ ਦੇ ਮਸ਼ਹੂਰ ਕਸਬਾ ਮਹਿਲ ਕਲਾਂ ਦੇ ਜੰਮਪਲ ਸੁਸ਼ੀਲ ਕੁਮਾਰ ਬਾਂਸਲ ਨੇ ਛੋਟੀ ਉਮਰੇ ਕਈ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਧਿਆਨ ਖਿੱਚਿਆ ਹੈ। ਭਾਵੇਂ ਕਿ ਸੁਸ਼ੀਲ ਕੁਮਾਰ ਬਾਂਸਲ ਦਾ ਪਰਿਵਾਰ ਅੱਜਕੱਲ੍ਹ ਬਰਨਾਲੇ ਰੈਣ ਬਸੇਰਾ ਕਰੀ ਬੈਠਾ ਪ੍ਰੰਤੂ ਮਹਿਲ ਕਲਾਂ ਖੇਤਰ ਨਾਲ ਪਰਿਵਾਰ ਦਾ ਲਗਾਅ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਇਸ ਨਿਰੋਲ ਪੇਂਡੂ ਖੇਤਰ ਵਿੱਚ ਨਰਸਿੰਗ ਦੀ ਵਿਦਿਆ ਦਾ ਲਗਾਇਆ ਇੱਕ ਪੌਦਾ ਹੁਣ ਵੱਡਾ ਦਰੱਖਤ ਬਣ ਕੇ ਇਲਾਕੇ ਦੀਆਂ ਧੀਆਂ ਨੂੰ ਸਿੱਖਿਅਤ ਕਰ ਰਿਹਾ ਹੈ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਸੁਸ਼ੀਲ ਕੁਮਾਰ ਬਾਂਸਲ ਨੇ 2022 ‘ਚ ਤਤਕਾਲੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਆਪਣੀ ਨੇੜਤਾ ਦੀ ਬਦੌਲਤ ਚੰਨੀ ਦੇ ਤਿੰਨ ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਮਹਿਲ ਕਲਾਂ ਖੇਤਰ ਵਿੱਚ ਕੁਝ ਅਜਿਹੇ ਕੰਮ ਕਰਵਾਏ ਜਿਹੜੇ ਪਹਿਲਾਂ ਪਾਵਰ ‘ਚ ਰਹੇ ਆਗੂ ਨਹੀਂ ਕਰਵਾ ਸਕੇ। ਦੂਜੀ ਵਾਰ ਆਪਣੀ ਨਿਯੁਕਤੀ ‘ਤੇ ਰਸਮੀ ਗੱਲਬਾਤ ਕਰਦੇ ਹੋਏ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਪੰਜਾਬ ਦੇ ਫਾਰਮਾਸਿਸਟਾਂ ਦੇ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਉਸ ਦਾ ਸੁਪਨਾ ਹੈ। ਉਹ ਚਾਹੁੰਦੇ ਹਨ ਕਿ ਪੰਜਾਬ ਦਾ ਫਾਰਮਾਸਿਸਟ ਪਰਿਵਾਰ ਇੱਕ ਸਿਹਤਮੰਦ ਅਤੇ ਨਰੋਏ ਪੰਜਾਬ ਦੀ ਸਿਰਜਣਾ ਵਿੱਚ ਆਪਣੇ ਪੇਸ਼ੇ ਦੇ ਮੁਤਾਬਕ ਆਪਣਾ ਯੋਗਦਾਨ ਪਾਵੇ ਜਿਸ ਲਈ ਉਹ ਯਤਨਸ਼ੀਲ ਹਨ। ਬਹਰਹਾਲ ! ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਮੁਖੀ ਦੇ ਮਹੱਤਵਪੂਰਨ ਅਹੁਰੇ ‘ਤੇ ਦੁਬਾਰਾ ਬਿਰਾਜਮਾਨ ਹੋ ਕੇ ਸੁਸ਼ੀਲ ਕੁਮਾਰ ਬਾਂਸਲ ਨੇ ਜਿੱਥੇ ਆਪਣੀ ਜਨਮਭੂਮੀ ਮਹਿਲ ਕਲਾਂ ਦੀ ਚਰਚਾ ਕਰਵਾਈ ਹੈ ਉੱਥੇ ਜ਼ਿਲ੍ਹਾ ਬਰਨਾਲਾ ਦਾ ਮਾਣ ਵੀ ਵਧਾਇਆ ਹੈ।