ਚੰਡੀਗੜ੍ਹ, 31 ਦਸੰਬਰ, Gee98 news service
-ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੀ ਇੱਕ ਨਵਵਿਆਹੀ ਮੁਟਿਆਰ ਦੀ ਬਠਿੰਡਾ ਵਿਖੇ ਭੇਦ ਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦੀ ਖ਼ਬਰ ਹੈ। ਹਾਲਾਂਕਿ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ ਜਦਕਿ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਕੌਰ ਦਾ ਵਿਆਹ 11 ਅਕਤੂਬਰ 2024 ਨੂੰ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਨਾਲ ਕੀਤਾ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਨੂੰ ਸਹੁਰੇ ਪਰਿਵਾਰ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਵੀ ਕਰਦੇ ਸਨ ਜੋ ਸਾਨੂੰ ਅਰਸ਼ਦੀਪ ਨੇ ਕੁਝ ਦਿਨ ਪਹਿਲਾਂ ਹੀ ਦੱਸਿਆ ਸੀ ਜੋ ਇੱਥੇ ਪੇਕੇ ਪਿੰਡ ਮਿਲਣ ਆਈ ਹੋਈ ਸੀ ਅਤੇ ਚਾਰ ਦਿਨ ਪਹਿਲਾਂ ਇਥੋਂ ਆਪਣੇ ਸਹੁਰੇ ਘਰ ਖੁਸ਼ੀ ਖੁਸ਼ੀ ਗਈ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਦੁਪਹਿਰ 1 ਵਜੇ ਅਰਸ਼ਦੀਪ ਕੌਰ ਨਾਲ ਸਾਡੀ ਵੀਡੀਓ ਕਾਲ ਵੀ ਹੋਈ ਉਸ ਉਪਰੰਤ 4 ਵਜੇ ਸਾਨੂੰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਹੈ ਤੇ ਉਹ ਸੀਰੀਅਸ ਹੈ ਜਿਸ ਨੂੰ ਅਸੀਂ ਬਡਿਆਲ ਹਸਪਤਾਲ ਬਠਿੰਡਾ ਲਿਜਾ ਰਹੇ ਹਾਂ ਤੇ ਤੁਸੀਂ ਜਲਦੀ ਆ ਜਾਓ ਪ੍ਰੰਤੂ ਕੁਝ ਹੀ ਮਿੰਟਾਂ ਬਾਅਦ ਸਾਨੂੰ ਫਿਰ ਫੋਨ ਆਇਆ ਕਿ ਅਰਸ਼ਦੀਪ ਕੌਰ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਹਸਪਤਾਲ ਦੇ ਅਮਲੇ ਨੇ ਵੀ ਸਾਨੂੰ ਦੱਸਿਆ ਕਿ ਸਾਡੇ ਕੋਲ ਅਰਸ਼ਦੀਪ ਕੌਰ ਦੀ ਦੇਹ ਹੀ ਲੈ ਕੇ ਆਏ ਸਨ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮ੍ਰਿਤਕ ਅਰਸ਼ਦੀਪ ਕੌਰ ਦੇ ਗਲ ‘ਤੇ ਸੱਟਾਂ ਦੇ ਨਿਸ਼ਾਨ ਸਨ। ਪਰਿਵਾਰ ਦਾ ਕਹਿਣਾ ਹੈ ਕਿ ਸਹੁਰੇ ਪਰਿਵਾਰ ਵਾਲਿਆਂ ਨੇ ਅਰਸ਼ਦੀਪ ਕੌਰ ਦਾ ਕਤਲ ਕੀਤਾ ਹੈ। ਇਸ ਸਬੰਧੀ ਡੀਐਸਪੀ ਬਠਿੰਡਾ ਸਰਬਜੀਤ ਸਿੰਘ ਨੇ ਦੱਸਿਆ ਅਰਸ਼ਦੀਪ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀਆਂ ਚੋਂ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਸਹੁਰਾ ਦਰਸ਼ਨ ਸਿੰਘ ਅਤੇ ਸੱਸ ਬੰਤ ਕੌਰ ਨੂੰ ਗ੍ਰਿਫਤਰ ਕਰ ਲਿਆ ਗਿਆ ਹੈ ਜਦੋਂ ਕਿ ਅਰਸ਼ਦੀਪ ਕੌਰ ਦੇ ਪਤੀ ਬਲਵਿੰਦਰ ਸਿੰਘ ਅਤੇ ਉਸ ਦੀ ਨਨਾਣ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਸਾਰੇ ਮਸਲੇ ਦੇ ਮਾਸਟਰਮਾਈਡ ਅਰਸ਼ਦੀਪ ਕੌਰ ਦੇ ਜੇਠ ਉੱਪਰ ਵੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਟੀ ਵਿੱਚ ਤਾਇਨਾਤ ਹੈ।
ਫੋਟੋ ਕੈਪਸ਼ਨ-ਮ੍ਰਿਤਕਾ ਦੀ ਫਾਈਲ ਫੋਟੋ