ਬਰਨਾਲਾ,4 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਰਾਜਨੀਤੀ ‘ਚ ਵਿਚਰਦੇ ਹੋਏ ਟਿਕਟਾਂ ਮਿਲਣੀਆਂ ਜਾਂ ਨਾ ਮਿਲਣੀਆਂ ਜਾਂ ਕੁਝ ਹੋਰ ਕਾਰਨਾਂ ਕਰਕੇ ਬਗਾਵਤਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਜ਼ਿਮਨੀ ਚੋਣ ਬਰਨਾਲਾ ਲਈ ਆਮ ਆਦਮੀ ਪਾਰਟੀ ਦੀ ਟਿਕਟ ਦੇ ਫੈਸਲੇ ਤੋਂ ਬਾਅਦ ਪਾਰਟੀ ਉਮੀਦਵਾਰ ਅਤੇ ਬਾਗ਼ੀ ਉਮੀਦਵਾਰ ਦੇ ਵਿਚਕਾਰ ਪੈਦਾ ਹੋਏ ਹਨ, ਅਜਿਹਾ ਸ਼ਾਇਦ ਹੀ ਕਿਸੇ ਪਾਰਟੀ ਵਿੱਚ ਪਹਿਲਾਂ ਹੋਇਆ ਹੋਵੇ। ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਤੇ ਪਾਰਟੀ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਚੋਣ ਕਮਾਂਡਰ ਮੀਤ ਹੇਅਰ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਆਜ਼ਾਦ ਉਮੀਦਵਾਰ ਤੌਰ ‘ਤੇ ਮੈਦਾਨ ਵਿੱਚ ਨਿਤਰਨ ਤੋਂ ਬਾਅਦ ਗੁਰਦੀਪ ਸਿੰਘ ਬਾਠ ਵੱਲੋਂ ਮੀਤ ਹੇਅਰ ‘ਤੇ ਸਿੱਧੇ ਸ਼ਬਦੀ ਹਮਲੇ ਸ਼ੁਰੂ ਕੀਤੇ ਗਏ ਸਨ। ਜਿਸ ਤੋਂ ਬਾਅਦ ਕੁਝ ਦਿਨਾਂ ਲਈ ਮੀਤ ਹੇਅਰ ਵੱਲੋਂ ਚੁੱਪ ਧਾਰਨ ਕੀਤੀ ਗਈ ਪ੍ਰੰਤੂ ਬੀਤੇ ਕੱਲ੍ਹ ਹਰਿੰਦਰ ਧਾਲੀਵਾਲ ਦੇ ਦਫ਼ਤਰ ਦੇ ਉਦਘਾਟਨ ਮੌਕੇ ਮੀਤ ਹੇਅਰ ਨੇ ਵੀ ਬਾਠ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਤਿੱਖੇ ਸ਼ਬਦਾਂ ਵਿੱਚ ਦਿੱਤਾ। ਦੋਵੇਂ ਗਰੁੱਪਾਂ ਵਿਚਕਾਰ ਹਾਲਾਤ ਕੁਝ “ਮਿਹਣੋ-ਮਿਹਣੀ ਹੋ ਕੇ ਟੁੱਟਗੀ, ਲੋਕੀ ਆਖਦੇ…..ਨਾਲ ਯਾਰੀ” ਵਰਗੇ ਬਣੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਤ ਹੇਅਰ ਨੇ ਕਿਹਾ ਕਿ “ਮੈਂ ਬਾਠ ਲਈ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਪਰੰਤੂ ਜੇ ਮੈਂ ਬੋਲਿਆ ਤਾਂ ਬਹੁਤਿਆਂ ਨੂੰ ਲੁਕਣ ਲਈ ਜਗ੍ਹਾ ਨਹੀਂ ਲੱਭਣੀ”। ਬਾਠ ਵੱਲੋਂ ਓਐਸਡੀ ‘ਤੇ ਪੈਸੇ ਇਕੱਠੇ ਕਰਨ ਲਈ ਡਾਹੀ ਕੁਰਸੀ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਕਿ “ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬਰਨਾਲੇ ਦੇ ਲੋਕ ਮੇਰਾ ਚਰਿੱਤਰ ਜਾਣਦੇ ਹਨ”। ਪਾਰਟੀ ਵੱਲੋਂ ਹਰਿੰਦਰ ਧਾਲੀਵਾਲ ਨੂੰ ਦਿੱਤੀ ਟਿਕਟ ਦੇ ਸੰਦਰਭ ਵਿੱਚ ਮੀਤ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਟਿਕਟ ਆਪਣੀ ਪਤਨੀ ਨੂੰ ਵੀ ਦਿਵਾ ਸਕਦੇ ਸਨ ਤੇ ਆਪਣੇ ਘਰ ਹੀ ਐਮਐਲਏਸ਼ਿਪ ਰੱਖ ਸਕਦੇ ਸਨ ਪ੍ਰੰਤੂ ਉਹਨਾਂ ਨੇ ਸੋਚਿਆ ਕਿ ਉਹ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਐਮਐਲਏ ਹਲਕੇ ਦੇ ਲੋਕਾਂ ਨੂੰ ਬਹੁਤਾ ਸਮਾਂ ਨਹੀਂ ਦੇ ਸਕਣਗੇ ਇਸ ਲਈ ਉਹਨਾਂ ਨੇ ਟਿਕਟ 24 ਘੰਟੇ ਲੋਕਾਂ ‘ਚ ਹਾਜ਼ਰ ਰਹਿਣ ਵਾਲੇ ਵਰਕਰ ਨੂੰ ਦਿਵਾਈ”। ਪਰਿਵਾਰਵਾਦ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਕਿ “ਸੁਖਜਿੰਦਰ ਰੰਧਾਵਾ ਅਤੇ ਰਾਜਾ ਵੜਿੰਗ ਨੇ ਵੀ ਆਪਣੀ ਪਤਨੀ ਨੂੰ ਟਿਕਟ ਦਵਾਈ ਅਤੇ ਰਾਜਕੁਮਾਰ ਚੱਬੇਵਾਲ ਨੇ ਟਿਕਟ ਆਪਣੇ ਪੁੱਤਰ ਲਈ ਲਈ ਜੇਕਰ ਮੀਤ ਹੇਅਰ ਚਾਹੁੰਦਾ ਤਾਂ ਉਸਦੀ ਪਤਨੀ ਵੀ ਅੱਜ ਚੋਣ ਮੈਦਾਨ ਵਿੱਚ ਹੁੰਦੀ”। ਕੁਝ ਦਿਨਾਂ ਦੀ ਚੁੱਪੀ ਤੋਂ ਬਾਅਦ ਮੀਤ ਹੇਅਰ ਦੇ ਤੇਵਰਾਂ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਵੋਟਰਾਂ ਨੂੰ ਦੋਵਾਂ ਪਾਸਿਆਂ ਤੋਂ ਤਿੱਖੇ ਸ਼ਬਦਾਂ ਦੇ ਤੀਰਾਂ ਦੀ ਬੁਛਾੜ ਹੁੰਦੀ ਦਿਸੇਗੀ। ਮੀਤ ਹੇਅਰ ਤੇ ਗੁਰਦੀਪ ਸਿੰਘ ਬਾਠ ਦੇ ਵਿਚਕਾਰ ਪੈਦਾ ਹੋਈ ਕੁੜੱਤਣ ਦੇ ਸੰਬੰਧ ਵਿੱਚ ਬਰਨਾਲਾ ਦੇ ਕੁਝ ਸਾਹਿਤਿਕ ਅਤੇ ਸੂਝਵਾਨ ਵਿਅਕਤੀਆਂ ਨੇ ਟਿੱਪਣੀ ਕੀਤੀ ਕਿ ਰਾਜਨੀਤੀ ‘ਚ ਵਫਾਦਾਰੀਆਂ ਬਣਦੀਆਂ ਤੇ ਵਿਗੜਦੀਆਂ ਰਹਿੰਦੀਆਂ ਹਨ, ਮੀਤ ਹੇਅਰ ਅਤੇ ਬਾਠ ਨੂੰ ਹੇਠਲੇ ਪੱਧਰ ਦੀ ਰਾਜਨੀਤੀ ਤੱਕ ਨਹੀਂ ਆਉਣਾ ਚਾਹੀਦਾ, ਦੋਵਾਂ ਦੇ ਮੰਦੇ ਸ਼ਬਦਾਂ ਨਾਲ ਦੋਵਾਂ ਦੇ ਸਮਰਥਕਾਂ ਵਿੱਚ ਕੁੜੱਤਣ ਵਧੇਗੀ। ਲੋਕਾਂ ਦਾ ਮੰਨਣਾ ਹੈ ਕਿ ਮੀਤ ਹੇਅਰ ਅਤੇ ਬਾਠ ਦੀ ਕੁੜੱਤਣ ਆਮ ਆਦਮੀ ਪਾਰਟੀ ਦੀਆਂ ਸੇਵੀਆਂ ‘ਚ ਲੂਣ ਪਾ ਸਕਦੀ ਹੈ, ਇਸ ਲਈ ਮੀਤ ਹੇਅਰ ਨੂੰ ਸਮੇਂ ਦੀ ਰਮਜ਼ ਸਮਝਣੀ ਚਾਹੀਦੀ ਹੈ ਕਿਉਂਕਿ ਗੁਰਦੀਪ ਸਿੰਘ ਬਾਠ ਕੋਲ ਏਸ ਵੇਲੇ ਗਵਾਉਣ ਲਈ ਕੁਝ ਵੀ ਨਹੀਂ ਹੈ।