- ਦੋ ਦੋ ਮੀਟਰ ਕਨੈਕਸ਼ਨਾਂ ਵਾਲੇ ਖਪਤਕਾਰਾਂ ‘ਤੇ ਐਕਸ਼ਨ ਦੀ ਤਿਆਰੀ ‘ਚ ਪਾਵਰਕਾਮ
ਚੰਡੀਗੜ੍ਹ,24 ਸਤੰਬਰ, Gee98 news service
-ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਯੋਜਨਾ ਨੇ ਪਾਵਰਕਾਮ ਦੀਆਂ ਵਿੱਤੀ ਚੂਲਾਂ ਹਿਲਾ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੁਦ ਕੀਤੇ ਦਾਅਵੇ ਅਨੁਸਾਰ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਮੁੱਖ ਮੰਤਰੀ ਦੇ ਦਾਅਵਿਆਂ ਅਨੁਸਾਰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਬਾਕੀ 10 ਫੀਸਦੀ ਖਪਤਕਾਰਾਂ ਦੀ ਕਮਾਈ ਨਾਲ ਪਾਵਰਕਾਮ ਦੀ ਹਾਲਤ ਕਿਹੋ ਜਿਹੀ ਹੋਵੇਗੀ। ਧਿਆਨ ਰਹੇ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਲਈ ਬਿਜਲੀ ਪਹਿਲਾਂ ਹੀ ਮੁਫਤ ਕੀਤੀ ਹੋਈ ਹੈ। ਦੂਜੇ ਪਾਸੇ ਇੰਡਸਟਰੀਅਲ ਖੇਤਰ ਦੇ ਵਿੱਚ ਬਹੁਤੇ ਵੱਡੇ ਕਾਰਖਾਨੇ ਅਜਿਹੇ ਹਨ ਜਿਨਾਂ ਵੱਲ ਕਰੋੜਾਂ ਰੁਪਏ ਦਾ ਬਕਾਇਆ ਖੜਾ ਹੈ। ਸਰਕਾਰ ਦੇ ਆਪਣੇ ਬਹੁਤੇ ਸਰਕਾਰੀ ਵਿਭਾਗ ਵੀ ਪਾਵਰਕਾਮ ਦਾ ਕਰੋੜਾਂ ਰੁਪਏ ਬਿਜਲੀ ਬਿੱਲਾਂ ਦਾ ਦੱਬੀ ਬੈਠੇ ਹਨ। ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਪੱਤਰ ਵੀ ਲਿਖੇ ਹਨ ਕਿ ਪਾਵਰਕਾਮ ਦੀ ਮਾੜੀ ਹੋ ਰਹੀ ਵਿੱਤੀ ਹਾਲਤ ਵੱਲ ਧਿਆਨ ਦਿੱਤਾ ਜਾਵੇ ਪ੍ਰੰਤੂ ਥੋੜੇ ਜਿਹੇ ਸਮੇਂ ਬਾਅਦ ਪੰਜਾਬ ‘ਚ ਕੋਈ ਨਾ ਕੋਈ ਚੋਣ ਆ ਜਾਂਦੀ ਹੈ ਜਿਸ ਕਰਕੇ ਸਰਕਾਰ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਨਾ ਤਾਂ ਦੂਰ ਦੀ ਗੱਲ ਸਗੋਂ ਘੱਟ ਵੀ ਨਹੀਂ ਕਰ ਸਕਦੀ ਕਿਉਂਕਿ ਸਰਕਾਰ ਨੂੰ ਡਰ ਹੈ ਕਿ ਇਸ ਦਾ ਸਿੱਧੇ ਤੌਰ ‘ਤੇ ਅਸਰ ਵੋਟਰਾਂ ‘ਤੇ ਪਵੇਗਾ। ਮੁਫ਼ਤ ਬਿਜਲੀ ਯੋਜਨਾ ਦਾ ਇੱਕ ਪੱਖ ਇਹ ਵੀ ਹੈ ਕਿ ਬਹੁਤੇ ਲੋਕਾਂ ਨੇ ਇੱਕੋ ਘਰ ਵਿੱਚ ਦੋ-ਦੋ ਬਿਜਲੀ ਦੇ ਮੀਟਰ ਲਗਵਾ ਲਏ ਹਨ। ਇਸ ਤਰ੍ਹਾਂ ਬਹੁਤੇ ਖਪਤਕਾਰ 300 ਦੀ ਬਜਾਏ 600 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਯੋਜਨਾ ਦਾ ਲਾਭ ਉਠਾ ਰਹੇ ਹਨ। ਇੱਕ ਪਾਸੇ ਸਰਕਾਰ ਬਿਜਲੀ ਸਬਸਿਡੀ ਦਾ ਪੈਸਾ ਸਮੇਂ ਸਿਰ ਪਾਵਰਕਾਮ ਨੂੰ ਨਹੀਂ ਦੇ ਰਹੀ ਦੂਜੇ ਪਾਸੇ ਲੋਕ ਪਾਵਰਕਾਮ ਨੂੰ ਜੁਗਾੜ ਦਾ ਕਰੰਟ ਲਾ ਰਹੇ ਹਨ। ਜੇਕਰ ਸੂਬੇ ‘ਚ ਵੱਧ ਰਹੇ ਬਿਜਲੀ ਕਨੈਕਸ਼ਨਾਂ ਦੀ ਗੱਲ ਕਰੀਏ ਤਾਂ 2022-23 ਤੋਂ ਜੁਲਾਈ 2024 ਤੱਕ ਪੰਜਾਬ ਵਿੱਚ 7.29 ਲੱਖ ਘਰੇਲੂ ਬਿਜਲੀ ਦੇ ਨਵੇਂ ਕੁਨੈਕਸ਼ਨ ਲੱਗੇ ਹਨ, ਜਦੋਂ ਜੁਲਾਈ 2022 ‘ਚ ਮੁਫ਼ਤ ਯੂਨਿਟ ਦਾ ਫ਼ੈਸਲਾ ਲਾਗੂ ਹੋਇਆ ਤਾਂ ਉਸ ਵਿੱਤੀ ਵਰ੍ਹੇ ਦੌਰਾਨ ਸੂਬੇ ਵਿਚ 3.65 ਲੱਖ ਕੁਨੈਕਸ਼ਨ ਨਵੇਂ ਜਾਰੀ ਹੋਏ ਸਨ, ਜਿਸ ਨੇ ਪੁਰਾਣੇ ਵਰ੍ਹਿਆਂ ਦਾ ਰਿਕਾਰਡ ਤੋੜ ਦਿੱਤਾ ਸੀ। ਪੰਜਾਬ ਵਿੱਚ ਘਰੇਲੂ ਬਿਜਲੀ ਦੇ ਕੁਨੈਕਸ਼ਨ ਜੁਲਾਈ 2024 ਤੱਕ 80.14 ਲੱਖ ਹਨ, ਜਦਕਿ 2014-15 ਵਿਚ ਇਹ ਕੁਨੈਕਸ਼ਨ 60.06 ਲੱਖ ਸਨ। ਸਾਲ 2023-24 ਦੌਰਾਨ ਸੂਬੇ ਵਿਚ 2.62 ਲੱਖ ਨਵੇਂ ਕੁਨੈਕਸ਼ਨ ਜਾਰੀ ਹੋਏ, ਜਦਕਿ ਚਾਲੂ ਵਿੱਤੀ ਵਰ੍ਹੇ ਦੇ ਜੁਲਾਈ ਮਹੀਨੇ ਤੱਕ 1.01 ਲੱਖ ਨਵੇਂ ਕੁਨੈਕਸ਼ਨ ਜਾਰੀ ਹੋ ਚੁੱਕੇ ਹਨ। ‘ਜ਼ੀਰੋ ਬਿੱਲਾਂ’ ਦੇ ਲਾਭ ਲਈ ਖਪਤਕਾਰਾਂ ਵੱਲੋਂ ਦੋ-ਦੋ ਮੀਟਰ ਲਗਵਾ ਕੇ ਲਿਆ ਜਾ ਰਿਹਾ ਲਾਭ ਪੰਜਾਬ ਦੇ ਸਰਕਾਰੀ ਖ਼ਜ਼ਾਨੇ ‘ਤੇ ਬੋਝ ਵਧਾ ਰਿਹਾ ਹੈ। ਸਾਲ 2023-24 ਦੌਰਾਨ ਜ਼ੀਰੋ ਬਿੱਲਾਂ ਕਰ ਕੇ ਬਿਜਲੀ ਸਬਸਿਡੀ ਦਾ ਬਿੱਲ 7324 ਕਰੋੜ ਦਾ ਬਣਿਆ ਸੀ, ਜਦਕਿ ਚਾਲੂ ਵਿੱਤੀ ਸਾਲ ਦੌਰਾਨ ਇਹ ਬਿੱਲ 8800 ਕਰੋੜ ਰੁਪਏ ਨੂੰ ਛੂਹ ਸਕਦਾ ਹੈ। ਪਾਵਰ ਕੌਮ ਦੇ ਇੰਗਨੀਅਰਾਂ ਦੀ ਜਥੇਬੰਦੀ ਦੇ ਇੱਕ ਸੋਭਾ ਆਗੂ ਨੇ ਦੱਸਿਆ ਕਿ ਬਿਜਲੀ ਦੀ ਮੁਫਤ ਯੋਜਨਾ ਬਹੁਤਾ ਸਮਾਂ ਨਹੀਂ ਚੱਲ ਸਕੇਗੀ, ਉਹਨਾਂ ਕਿਹਾ ਕਿ ਪਾਵਰ ਕਾਮ ਦੀਵਾਲੀਆ ਹੋਣ ਦੇ ਕੰਢੇ ਤੇ ਪੁੱਜ ਚੁੱਕਾ ਹੈ, ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਆਉਣ ਵਾਲੇ ਸਮੇਂ ਤੇ ਵਿੱਚ ਬਿਜਲੀ ਵੱਡੇ ਬਿਜਲੀ ਤਾਪ ਘਰਾਂ ਦੇ ਰੱਖ ਰਖਾ ਲਈ ਵੀ ਪੈਸੇ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਜਾਵੇਗਾ।