ਬਰਨਾਲਾ,17 ਅਗਸਤ,( ਨਿਰਮਲ ਸਿੰਘ ਪੰਡੋਰੀ )-
-ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਬਰਨਾਲਾ ਵਿਖੇ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਸਮਾਗਮ ਵਿਖੇ ਅੱਜ ਬਰਨਾਲਾ ਜ਼ਿਲ੍ਹੇ ਦੇ ਪੱਤਰਕਾਰਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਖੜਕ ਪਈ। ਸਮਾਗਮ ਦੇ ਸੁਰੱਖਿਆ ਗੇਟ ‘ਤੇ ਜਦੋਂ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਪੱਤਰਕਾਰਾਂ ਨੇ ਮੌਕੇ ‘ਤੇ ਹੀ ਐਕਸ਼ਨ ਕਰਨ ਦਾ ਪ੍ਰੋਗਰਾਮ ਉਲੀਕ ਲਿਆ ਜਿਸ ਤੋਂ ਬਾਅਦ ਉੱਥੇ ਹੋਰ ਪੱਤਰਕਾਰ ਦੀ ਇਕੱਠੇ ਹੋਣੇ ਸ਼ੁਰੂ ਹੋ ਗਏ। ਮੌਕੇ ‘ਤੇ ਹਾਜ਼ਰ ਸੁਰੱਖਿਆ ਮੁਲਾਜ਼ਮਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਦੇ ਉੱਚ ਅਧਿਕਾਰੀਆਂ ਦਾ ਹੁਕਮ ਹੈ ਕਿ ਸਮਾਗਮ ਦੇ ਅੰਦਰ ਸਿਰਫ ਪੀਲੇ ਅਤੇ ਗੁਲਾਬੀ ਕਾਰਡ ਹੋਲਡਰ ਪੱਤਰਕਾਰ ਹੀ ਜਾ ਸਕਦੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਨਾਂ ਕਿਸੇ ਕਾਰਨ ਤੋਂ ਇਸ ਵਾਰ ਬਹੁਤੇ ਪੱਤਰਕਾਰਾਂ ਦੇ ਪੀਲੇ ਕਾਰਡ ਕੱਟ ਦਿੱਤੇ ਹਨ ਜਿਸ ਕਰਕੇ ਪੱਤਰਕਾਰਾਂ ਵਿੱਚ ਪਹਿਲਾਂ ਹੀ ਰੋਸ ਹੈ। ਦਰਅਸਲ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਕੁਝ ਸਮਾਂ ਤੋਂ ਵੀਆਈਪੀ ਸਮਾਗਮਾਂ ਵਿੱਚ ਸਿਰਫ ਪੀਲੇ ਅਤੇ ਗੁਲਾਮੀ ਕਾਰਡ ਹੋਲਡਰ ਪੱਤਰਕਾਰਾਂ ਦੀ ਐਂਟਰੀ ਦੇ ਹੁਕਮਾਂ ਤੋਂ ਪੱਤਰਕਾਰ ਪਹਿਲਾਂ ਹੀ ਖ਼ਫ਼ਾ ਸਨ ਅਤੇ ਅੱਜ ਜਦੋਂ ਮੁੱਖ ਮੰਤਰੀ ਦੇ ਸਮਾਗਮ ਵਿੱਚ ਵੀ ਅਜਿਹੇ ਹੁਕਮ ਜਾਰੀ ਕੀਤੇ ਗਏ ਤਾਂ ਪੱਤਰਕਾਰਾਂ ਦੇ ਮਨਾਂ ਚ ਭੜਕ ਰਹੀ ਰੋਸ ਦੀ ਚਿੰਗਾੜੀ ਭਾਂਬੜ ਬਣ ਗਈ ਅਤੇ ਮੌਕੇ ‘ਤੇ ਹੀ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਜਿਸ ਦੀ ਭਿਣਕ ਜਦ ਪ੍ਰਸ਼ਾਸਨ ਨੂੰ ਲੱਗੀ ਤਾਂ ਭਾਜੜ ਪੈ ਗਈ। ਇਸ ਮੌਕੇ ਹਾਜ਼ਰ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਅਤੇ ਬਘੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਤਲ ਅਤੇ ਬਲਾਤਕਾਰ ਦੇ ਸੰਗੀਨ ਦੋਸ਼ਾਂ ਵਿੱਚ ਘਿਰੇ ਲੀਡਰ ਐਮਐਲਏ ਅਤੇ ਐਮਪੀ ਦੀ ਚੋਣ ਲੜ ਸਕਦੇ ਹਨ ਪਰੰਤੂ ਬਿਨਾਂ ਕਿਸੇ ਕਾਰਨ ਤੋਂ ਪੱਤਰਕਾਰਾਂ ਨੂੰ ਪੀਲੇ ਗੁਲਾਬੀ ਕਾਰਡ ਜਾਰੀ ਨਹੀਂ ਕੀਤੇ ਜਾ ਰਹੇ। ਉਹਨਾਂ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਭਿ੍ਸ਼ਟਾਚਾਰ ਦੇ ਦੋਸ਼ਾਂ ਵਿੱਚ ਲੰਮਾ ਸਮਾਂ ਤਿਹਾੜ ਜੇਲ ਵਿੱਚ ਬੰਦ ਹੋਣ ਦੇ ਬਾਵਜੂਦ ਆਪਣੇ ਆਹੁਦਿਆਂ ‘ਤੇ ਬਣੇ ਰਹਿ ਸਕਦੇ ਹਨ,ਤਾਂ ਫਿਰ ਪੱਤਰਕਾਰਾਂ ‘ਤੇ ਸਰਕਾਰਾਂ ਵੱਲੋਂ ਪਾਏ ਝੂਠੇ ਪਰਚਿਆਂ ਕਾਰਨ ਉਹਨਾਂ ਦੇ ਪੀਲੇ ਕਾਰਡ ਬਨਣ ‘ਤੇ ਪਾਬੰਦੀ ਕਿਉਂ ਹੈ? ਸੀਨੀਅਰ ਪੱਤਰਕਾਰਾਂ ਨੇ ਕਿਹਾ ਕਿ ਜਦ ਸਥਾਨਕ ਪ੍ਰਸ਼ਾਸਨ ਨੇ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਹੁੰਦੀਆਂ ਹਨ ਤਾਂ ਹਰ ਪੱਤਰਕਾਰ ਨੂੰ ਬੁਲਾਇਆ ਜਾਂਦਾ ਹੈ ਪ੍ਰੰਤੂ ਅਜਿਹੇ ਵੀਆਈਪੀ ਸਮਾਗਮਾਂ ‘ਚ ਬੇਤੁਕੇ ਹੁਕਮ ਚਾੜੇ ਜਾਂਦੇ ਹਨ ਜਿਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਜਦ ਪੱਤਰਕਾਰਾਂ ਨੇ ਦਰੀਆਂ ਵਿਛਾ ਕੇ ਬੈਠਣ ਦਾ ਮਨ ਬਣਾ ਲਿਆ ਤੇ ਆਪਣੇ ਸਾਥੀ ਪੱਤਰਕਾਰਾਂ ਨੂੰ ਦਰੀਆਂ ਲਿਆਉਣ ਲਈ ਕਿਹਾ ਤਾਂ ਇਸ ਦੀ ਭਿਣਕ ਪੁਲਿਸ ਪ੍ਰਸ਼ਾਸਨ ਨੂੰ ਪਈ ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੇ ਡੀਐਸਪੀ ਸਤਬੀਰ ਸਿੰਘ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਸ਼ਾਂਤ ਕੀਤਾ ਅਤੇ ਮੁੱਖ ਮੰਤਰੀ ਦੇ ਸਮਾਗਮ ਵਿੱਚ ਲੈ ਕੇ ਗਏ। ਪੱਤਰਕਾਰਾਂ ਵੱਲੋਂ ਧਰਨੇ ਦੀ ਧਮਕੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਟੀਮ ਦੇ ਹੁਕਮ ਹਵਾ ਵਿੱਚ ਉੱਡ ਗਏ। ਇਸ ਮੌਕੇ ਹਾਜ਼ਰ ਪੱਤਰਕਾਰਾਂ ਨੇ ਫੈਸਲਾ ਕੀਤਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੱਤਰਕਾਰਾਂ ਦੇ ਖ਼ਿਲਾਫ਼ ਧਾਰਨ ਕੀਤੇ ਵਤੀਰੇ ਸਬੰਧੀ ਦਿੱਤਾ ਜਾਵੇਗਾ ਜੇਕਰ ਫਿਰ ਵੀ ਕੋਈ ਫਰਕ ਨਾ ਪਿਆ ਤਾਂ ਬਰਨਾਲਾ ਦੀ ਜ਼ਿਮਨੀ ਚੋਣ ਵਿੱਚ ਕਲਮ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾਵੇਗਾ।
ਫੋਟੋ ਕੈਪਸ਼ਨ- ਮੁੱਖ ਮੰਤਰੀ ਦੇ ਸਮਾਗਮ ਚੈਕਿੰਗ ਗੇਟ ‘ਤੇ ਪੱਤਰਕਾਰ ਤੇ ਪੁਲਿਸ ਪ੍ਰਸ਼ਾਸਨ ਆਹਮੋ ਸਾਹਮਣੇ