ਬਰਨਾਲਾ,17 ਅਗਸਤ (ਨਿਰਮਲ ਸਿੰਘ ਪੰਡੋਰੀ)-
-ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਮੌਕੇ ਬਰਨਾਲਾ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਆਪਣੀਆਂ ਭੈਣਾਂ ਨੂੰ ਨਾਰਾਜ਼ ਕਰ ਗਈ। ਲਗਭਗ 28 ਮਹੀਨੇ ਤੋਂ ਲੈ ਕੇ ਪੰਜਾਬ ਦੀਆਂ ਭੈਣਾਂ ਆਪਣੇ ਭਰਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਤੋਹਫੇ ਦੀ ਉਡੀਕ ਕਰ ਰਹੀਆਂ ਹਨ ਜਿਸ ਦੀ ਉਮੀਦ ਸੀ ਕਿ ਇਸ ਵਾਰ ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਮੁੱਖ ਮੰਤਰੀ ਵੱਲੋਂ ਪੰਜਾਬ ਦੀਆਂ ਭੈਣਾਂ ਨੂੰ ਇਹ ਤੋਹਫਾ ਦੇ ਦਿੱਤਾ ਜਾਵੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ। ਦੱਸ ਦੇਈਏ ਕਿ ਬਰਨਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸੂਬਾ ਪੱਧਰੀ ਸਮਾਗਮ ਇਸ ਦਾ ਸਥਾਨਿਕ ਪੈਲਸ ਦੇ ਵਿੱਚ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਰੱਖੜੀ ਦੇ ਤਿਉਹਾਰ ‘ਤੇ ਭੈਣਾਂ ਨੂੰ ਵਿਸ਼ੇਸ਼ ਤੋਹਫਾ ਦੇਣ ਜਾ ਰਹੇ ਹਨ ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਮੁੱਖ ਮੰਤਰੀ ਪੰਜਾਬ ਦੀਆਂ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰਨਗੇ ਜਿਸ ਦਾ ਵਾਅਦਾ 2022 ਦੀਆਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਸੀ। ਮੁੱਖ ਮੰਤਰੀ ਵੱਲੋਂ ਅੱਧੇ ਘੰਟੇ ਤੋਂ ਵੱਧ ਸਮਾਂ ਭਾਸ਼ਣ ਦਿੱਤਾ ਗਿਆ ਪ੍ਰੰਤੂ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਧਰੇ ਵੀ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਰੱਖੜੀ ਦੇ ਤਿਉਹਾਰ ‘ਤੇ ਕੋਈ ਵਿਸ਼ੇਸ਼ ਰਿਆਇਤ ਜਾਂ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇ ਵਾਅਦਾ ਪੂਰਾ ਕਰਨ ਦੀ ਗੱਲ ਨਹੀਂ ਕੀਤੀ। ਚਰਚਾ ਸੀ ਕਿ ਸ਼ਾਇਦ ਮੁੱਖ ਮੰਤਰੀ ਰੱਖੜੀ ਦੇ ਤਿਉਹਾਰ ਮੌਕੇ 1000 ਰੁਪਏ ਦੇ ਵਾਅਦਾ ਪੂਰਾ ਕਰਨ ਦਾ ਐਲਾਨ ਕਰਨਗੇ ਪ੍ਰੰਤੂ ਮੁੱਖ ਮੰਤਰੀ ਨੇ ਰੱਖੜੀ ਦੇ ਪਵਿੱਤਰ ਤਿਉਹਾਰ ‘ਤੇ ਵੀ ਆਪਣੀਆਂ ਭੈਣਾਂ ਲਈ ਅਜਿਹਾ ਕੋਈ ਵਿਸ਼ੇਸ਼ ਐਲਾਨ ਨਹੀਂ ਕੀਤਾ, ਜੇਕਰ ਅਜਿਹਾ ਹੁੰਦਾ ਤਾਂ ਸਮੁੱਚੇ ਪੰਜਾਬ ਦੀਆਂ ਭੈਣਾਂ ਲਈ ਮੁੱਖ ਮੰਤਰੀ ਵੱਲੋਂ ਇਸ ਤੋਂ ਵੱਡਾ ਹੋਰ ਕੋਈ ਸ਼ਗਨ ਨਹੀਂ ਹੋ ਸਕਦਾ ਸੀ ਜਿਹੜਾ ਕਿ ਉਹਨਾਂ ਨੇ ਆਪਣੇ ਗੁੱਟ ‘ਤੇ ਰੱਖੜੀ ਬੰਨਵਾਉਣ ਤੋਂ ਬਾਅਦ ਵੀ ਨਹੀਂ ਦਿੱਤਾ।
ਫੋਟੋ ਕੈਪਸ਼ਨ-ਸਮਾਗਮ ਵਿੱਚ ਪੁੱਜੀ ਇੱਕ ਕੁੜੀ ਵੱਲੋਂ ਮੁੱਖ ਮੰਤਰੀ ਦੇ ਰੱਖੜੀ ਬੰਨੇ ਜਾਣ ਦੀ ਤਸਵੀਰ