ਚੰਡੀਗੜ੍ਹ,16 ਅਗਸਤ, Gee98 news service
-ਆਜ਼ਾਦੀ ਦਿਵਸ ਮੌਕੇ ਜਲੰਧਰ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁਲੇਟ ਪਰੂਫ ਬਾਕਸ ਵਿੱਚ ਭਾਸ਼ਣ ਦੇਣ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਘਿਰਦੇ ਜਾ ਰਹੇ ਹਨ। ਪੰਜਾਬ ਦੀ ਸੱਤਾ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਦਾਅਵਿਆਂ ਅਨੁਸਾਰ ਸੂਬੇ ‘ਚ ਅਮਨ ਕਾਨੂੰਨ ਦੇ ਹਾਲਾਤ ਸੁਖਾਵੇਂ ਹਨ ਤਾਂ ਮੁੱਖ ਮੰਤਰੀ ਨੂੰ ਖੁਦ ਆਜ਼ਾਦੀ ਦਿਵਸ ਮੌਕੇ ਵੀ ਬੁਲੇਟ ਪਰੂਫ ਬਾਕਸ ਦੇ ਵਿੱਚ ਖੜ ਕੇ ਭਾਸ਼ਣ ਕਿਉਂ ਦੇਣਾ ਪਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੂੰ ਪਹਿਲੀਆਂ ਸਰਕਾਰਾਂ ਮੌਕੇ ਵੱਡੀ ਗਿਣਤੀ ਵਿੱਚ ਗੰਨਮੈਨ ਰੱਖਣ ਲਈ ਟਿੱਪਣੀਆਂ ਕਰਦੇ ਰਹੇ ਹਨ ਇਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਵਾਧੂ ਸੁਰੱਖਿਆ ਲੈਣ ਕਰਕੇ ਇਹ ਸਲਾਹ ਵੀ ਦਿੰਦੇ ਰਹੇ ਹਨ ਕਿ ਜੇਕਰ ਲੋਕਾਂ ਕੋਲੋਂ ਕੋਈ ਖ਼ਤਰਾ ਹੈ ਤਾਂ ਉਹਨਾਂ ਨੂੰ ਮੁਰਗੀਖਾਨਾ ਖੋਲ ਲੈਣਾ ਚਾਹੀਦਾ ਹੈ। ਵਿਰੋਧੀ ਆਗੂਆਂ ਦੇ ਦੋਸ਼ ਹਨ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ‘ਚ ਸੜਕੀ ਪ੍ਰੋਜੈਕਟਾਂ ਨੂੰ ਜਾਰੀ ਰੱਖਣ ਲਈ ਅਮਨ ਕਾਨੂੰਨ ਦੇ ਹਾਲਾਤ ਸੁਧਾਰਨ ਦੀ ਸਲਾਹ ‘ਤੇ ਟਿੱਪਣੀ ਕਰਦੇ ਹੋਏ ਉਲਟਾ ਨਿਤਿਨ ਗਡਗਰੀ ਨੂੰ ਹੀ ਨਿਸ਼ਾਨੇ ‘ਤੇ ਲੈ ਰਹੇ ਹਨ ਪ੍ਰੰਤੂ ਖੁਦ ਬੁਲੇਟ ਪਰੂਫ ਬਕਸ ਵਿੱਚ ਖੜ ਕੇ ਭਾਸ਼ਣ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਕੇਂਦਰੀ ਸੜਕੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲੈ ਕੇ ਸੂਬੇ ‘ਚ ਰੁਕੇ ਹੋਏ ਸੜਕੀ ਪ੍ਰੋਜੈਕਟ ਪੂਰੇ ਕਰਵਾਉਣ ਦੌਰਾਨ ਅਮਨ ਕਾਨੂੰਨ ਦੇ ਹਾਲਾਤਾਂ ਨੂੰ ਸੁਧਾਰਨ ਦੀ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਤਿਨ ਗਡਕਰੀ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਸੀ ਕਿ ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਹਨ ਜਦਕਿ ਸਤਕੀ ਪ੍ਰੋਜੈਕਟ ਜ਼ਮੀਨ ਅਕਵਾਇਰ ਨਾ ਹੋਣ ਕਾਰਨ ਹੀ ਰੁਕੇ ਹੋਏ ਹਨ। ਦੱਸ ਦੇਈਏ ਕਿ ਇਹ ਮੁੱਦਾ ਦਿੱਲੀ-ਜੰਮੂ ਹਾਈਵੇ ਦੇ ਨਿਰਮਾਣ ਨਾਲ ਜੁੜੀ ਟੀਮ ਦੇ ਕੁਝ ਮੈਂਬਰਾਂ ‘ਤੇ ਹਮਲੇ ਤੋਂ ਬਾਅਦ ਉੱਠਿਆ ਸੀ। ਮੁੱਖ ਮੰਤਰੀ ‘ਤੇ ਅਕਸਰ ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਮੁੱਖ ਮੰਤਰੀ ਸਮੇਤ ਉਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਸੁਰੱਖਿਆ ਕਰਮਚਾਰੀ ਰੱਖੇ ਹੋਏ ਹਨ ਅਤੇ ਹੁਣ ਆਜ਼ਾਦੀ ਦਿਵਸ ਮੌਕੇ ਹੀ ਬੁਲੇਟ ਪਰੂਫ ਬਾਕਸ ਭਾਸ਼ਣ ਦੇਣ ਕਰਕੇ ਮੁੱਖ ਮੰਤਰੀ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਸਵਾਲਾਂ ਦੇ ਘੇਰੇ ਵਿੱਚ ਹਨ। ਦਰਅਸਲ ! ਸਵਾਲ ਇਹ ਨਹੀਂ ਕਿ ਮੁੱਖ ਮੰਤਰੀ ਨੇ ਬੁਲੇਟ ਪਰੂਫ਼ ਬਾਕਸ ਵਿੱਚ ਭਾਸ਼ਣ ਕਿਉਂ ਦਿੱਤਾ, ਸਵਾਲ ਇਹ ਹਨ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਮਾੜੀ ਸਥਿਤੀ ਤੋਂ ਮੁੱਕਰਿਆ ਕਿਉਂ ਜਾ ਰਿਹਾ ਹੈ।