ਚੰਡੀਗੜ੍ਹ,14 ਅਗਸਤ, Gee98 News service
-ਕੇਂਦਰ ਸਰਕਾਰ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਗਲੈਂਟਰੀ ਐਵਾਰਡ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪੰਜਾਬ ਤੋਂ 7 ਪੁਲਿਸ ਕਰਮਚਾਰੀਆਂ ਨੂੰ ਚੁਣਿਆ ਗਿਆ ਹੈ। ਦੂਜੇ ਪਾਸੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਕਿਸੇ ਵੀ ਕਰਮਚਾਰੀ ਨੂੰ ਇਸ ਵਾਰ ਇਹ ਐਵਾਰਡ ਨਹੀਂ ਦਿੱਤਾ ਜਾ ਰਿਹਾ। ਪੰਜਾਬ ਦੇ ਜਿਹੜੇ ਪੁਲਿਸ ਕਰਮਚਾਰੀਆਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਉਹਨਾਂ ਵਿੱਚ IG ਸੰਦੀਪ ਗੋਇਲ, ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਰਾਜਨ ਪਰਮਿੰਦਰ ਸਿੰਘ, ਇੰਸਪੈਕਟਰ ਪੁਸ਼ਵਿੰਦਰ ਸਿੰਘ, ਸਬ ਇੰਸਪੈਕਟਰ ਜਸਪ੍ਰੀਤ ਸਿੰਘ, ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਸੁਖਰਾਜ ਸਿੰਘ ਦਾ ਨਾਮ ਸ਼ਾਮਿਲ ਹੈ। ਪੰਜਾਬ ਦੇ ਇਹਨਾਂ ਕਰਮਚਾਰੀਆਂ ਨੂੰ ਸੁਤੰਤਰਤਾ ਦਿਵਸ ਮੌਕੇ ਵੀਰਤਾ ਪੁਰਸਕਾਰ ਦਿੱਤਾ ਜਾ ਰਿਹਾ ਹੈ। ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ 4, ਬਿਹਾਰ ਦੇ 5, ਛਤੀਸਗੜ੍ਹ ਦੇ 15, ਝਾਰਖੰਡ ਦੇ 7, ਮੱਧ ਪ੍ਰਦੇਸ਼ ਦੇ 12, ਮਹਾਰਾਸ਼ਟਰ ਦੇ 17, ਤੇਲੰਗਾਨਾ ਦੇ 7, ਉੱਤਰ ਪ੍ਰਦੇਸ਼ ਦੇ 17, ਪੱਛਮੀ ਬੰਗਾਲ ਦੇ 3,ਅਤੇ ਜੰਮੂ ਐਂਡ ਕਸ਼ਮੀਰ ਦੇ 31 ਕਰਮਚਾਰੀਆਂ ਨੂੰ ਵੀਰਤਾ ਪੁਰਸਕਾਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸੁਰੱਖਿਆ ਬਲਾਂ ਦੇ ਅਫਸਰਾਂ ਤੇ ਕਰਮਚਾਰੀਆਂ ਦੀ ਬਹਾਦਰੀ ਅਤੇ ਬਲੀਦਾਨ ਦੇ ਸਨਮਾਨ ਦੇ ਰੂਪ ਵਿੱਚ ਉਹਨਾਂ ਨੂੰ ਗਲੈਂਟਰੀ ਐਵਾਰਡ ਦਿੱਤਾ ਜਾਂਦਾ ਹੈ ਇਸ ਨੂੰ ਵੀਰਤਾ ਪੁਰਸਕਾਰ ਵੀ ਕਿਹਾ ਜਾਂਦਾ ਹੈ। ਇਹ ਸਾਲ ਵਿੱਚ ਦੋ ਵਾਰ ਗਣਤੰਤਰਤਾ ਦਿਵਸ ਅਤੇ ਸੁਤੰਤਰਤਾ ਦਿਵਸ ਮੌਕੇ ਦਿੱਤੇ ਜਾਂਦੇ ਹਨ।