ਚੰਡੀਗੜ੍ਹ,14 ਅਗਸਤ, Gee98 news service
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਵੀ ਖ਼ਫ਼ਾ ਲੱਗ ਰਹੇ ਹਨ। ਸੂਤਰਾਂ ਅਨੁਸਾਰ ਰਾਜਪਾਲ ਵੱਲੋਂ ਮੰਗਲਵਾਰ ਨੂੰ ਸੀਨੀਅਰ ਅਫਸਰਾਂ ਨਾਲ ਕੀਤੀ ਗਈ ਮੁਲਾਕਾਤ ਮੁੱਖ ਮੰਤਰੀ ਨੂੰ ਰੜਕ ਰਹੀ ਹੈ। ਭਾਵੇਂ ਕਿ ਰਾਜਪਾਲ ਕਿਸੇ ਵੀ ਅਫਸਰ ਨਾਲ ਕਿਸੇ ਸਮੇਂ ਵੀ ਮੁਲਾਕਾਤ ਕਰ ਸਕਦੇ ਹਨ ਜਾਂ ਸੂਬੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਡਬੈਕ ਲੈ ਸਕਦੇ ਹਨ ਪਰੰਤੂ ਬੁੱਧਵਾਰ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਪੱਤਰਕਾਰਾਂ ਨੇ ਰਾਜਪਾਲ ਵੱਲੋਂ ਅਫਸਰਾਂ ਨਾਲ ਕੀਤੀ ਮੁਲਾਕਾਤ ਸਬੰਧੀ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਵੱਲੋਂ ਦਿੱਤੇ ਜਵਾਬ ਦੀ ਭਾਸ਼ਾ ਤੋਂ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸੂਬੇ ਦੇ ਰਾਜਪਾਲ ਤੇ ਅਫਸਰਾਂ ਦੀ ਮੀਟਿੰਗ ਤੋਂ ਖੁਸ਼ ਨਹੀਂ ਹਨ। ਪੱਤਰਕਾਰਾਂ ਨੇ ਜਦ ਰਾਜਪਾਲ ਤੇ ਅਫਸਰਾਂ ਦੀ ਮੀਟਿੰਗ ਸਬੰਧੀ ਸਵਾਲ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ “ਕੋਈ ਗੱਲ ਨਹੀਂ ਸਾਰਿਆਂ ਨੂੰ ਮਿਲਣ ਲੈਣ ਤੇ ਪਤਾ ਕਰ ਲੈਣ ਕਿ ਕੌਣ ਕੀ ਕੰਮ ਕਰਦਾ ਹੈ। ਉਹ ਨਵੇਂ ਆਏ ਹਨ ਹਲੇ ਤੱਕ ਉਨ੍ਹਾਂ ਦਾ ਸਾਰਾ ਸਾਮਾਨ ਗੁਹਾਟੀ ਤੋਂ ਆਇਆ ਵੀ ਨਹੀਂ ਹੈ, ਮੁਲਾਕਾਤ ਕਰ ਲੈਣ ਦੋ ਅਤੇ ਪਤਾ ਲੱਗਣ ਲੈਣ ਦੋ ਕਿ ਕੌਣ ਸੈਕਟਰੀ ਹੈ। ਕੱਲ੍ਹ ਕਿਸੇ ਨੂੰ ਚਿੱਠੀ ਲਿਖਣੀ ਹੈ ਜਾਂ ਫਿਰ ਕੋਈ ਆਰਡਰ ਦੇਣਾ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ”। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਉਹ ਜਿਸ ਨਾਲ ਮਰਜ਼ੀ ਮੁਲਾਕਾਤ ਕਰਨ” । ਪ੍ਰੰਤੂ ਮੁੱਖ ਮੰਤਰੀ ਦੇ ਜਵਾਬ ਦੇਣ ਦੇ ਲਹਿਜੇ ਅਤੇ ਵਰਤੀ ਗਈ ਭਾਸ਼ਾ ਤੋਂ ਸਾਫ ਝਲਕ ਰਿਹਾ ਹੈ ਕਿ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਅਫਸਰਾਂ ਨਾਲ ਕੀਤੀ ਮੀਟਿੰਗ ਅਤੇ ਫੀਡਬੈਕ ਲੈਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਪੈਦਾ ਹੋਏ ਹਾਲਾਤਾਂ ਤੋਂ ਖਫਾ ਹਨ। ਜੇਕਰ ਯੋਗ ਹੈ ਕਿ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੇ ਅਫਸਰਾਂ ਨਾਲ ਕੀਤੀ ਮੀਟਿੰਗ ਦੌਰਾਨ ਪੰਜਾਬ ਚ ਕੇਂਦਰੀ ਪ੍ਰੋਜੈਕਟਾਂ ਦੀ ਦੇਰੀ ਦੀ ਗੱਲ ਕਰਦੇ ਹੋਏ ਸਾਰੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਵੱਲ ਕਦਮ ਪੁੱਟਣ ਲਈ ਕਿਹਾ ਸੀ।