ਬਰਨਾਲਾ,3 ਜੂਨ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੀ ਪੂਰੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਉਹਨਾਂ ਦੱਸਿਆ ਕਿ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਅਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ 27 ਵੱਖ-ਵੱਖ ਥਾਵਾਂ ‘ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। 1 ਜੂਨ ਨੂੰ ਪਈਆਂ ਵੋਟਾਂ ਵਿੱਚ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਚੁੱਕੀ ਹੈ। ਗਿਣਤੀ ਦਾ ਸਮਾਂ ਨੇੜੇ ਆਉਂਦੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਹਨ। ਜੇਕਰ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਵਿਚਕਾਰ ਮੁੱਖ ਮੁਕਾਬਲਾ ਬਣਿਆ ਹੋਇਆ ਹੈ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੂੰ ਸ਼ਹਿਰੀ ਖੇਤਰ ਵਿੱਚ ਹਿੰਦੂ ਵਰਗ ਦੀਆਂ ਵੱਧ ਵੋਟਾਂ ਪੈਣ ਦੀ ਚਰਚਾ ਨੇ ਸੁਖਪਾਲ ਸਿੰਘ ਖਹਿਰਾ ਅਤੇ ਮੀਤ ਹੇਅਰ ਦੇ ਦਿਲ ਦੀ ਧੜਕਣ ਵੱਧ ਤੇਜ਼ ਕੀਤੀ ਹੋਈ ਹੈ। ਹਿੰਦੂ ਵਰਗ ਦੀਆਂ ਵੱਧ ਵੋਟਾਂ ਅਰਵਿੰਦ ਖੰਨਾ ਨੂੰ ਪੈਣ ਦੀ ਚਰਚਾ ਕਾਰਨ ਹੀ ਸਿਮਰਨਜੀਤ ਸਿੰਘ ਮਾਨ ਮੁੱਛਾਂ ਨੂੰ ਤਾਅ ਦੇ ਰਹੇ ਹਨ। ਸੱਤਾਧਾਰੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਖ਼ੇਮੇ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਹਲਕਾ ਹੋਣ ਦਾ ਫਾਇਦਾ ਮੀਤ ਹੇਅਰ ਨੂੰ ਮਿਲੇਗਾ। ਦੂਜੇ ਪਾਸੇ ਮੁਲਾਜ਼ਿਮ ਵਰਗ ਅਤੇ ਪੈਨਸ਼ਨਰਾਂ ਦੀ ਵੋਟ ਸੱਤਾ ਦੇ ਉਲਟ ਭੁਗਤਣ ਦੀ ਚਰਚਾ ਦੇ ਕਾਰਨ ਸੱਤਾਧਾਰੀ ਖ਼ੇਮੇ ‘ਚ ਕਿਤੇ ਨਾ ਕਿਤੇ ਚੁੱਪ ਵੀ ਪਸਰੀ ਹੋਈ ਹੈ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਆਸ ਇਸੇ ਪੁਆਇੰਟ ‘ਤੇ ਟਿਕੀ ਹੋਈ ਹੈ ਕਿ ਉਹਨਾਂ ਦੇ ਨਾਮ ‘ਤੇ ਹਲਕਾ ਸੰਗਰੂਰ ਵਿੱਚ ਸਮੁੱਚੀ ਕਾਂਗਰਸ ਪਾਰਟੀ ਇੱਕਜੁਟ ਹੋ ਕੇ ਉਹਨਾਂ ਦੇ ਹੱਕ ਵਿੱਚ ਤੁਰੀ ਅਤੇ ਭੁਗਤੀ। ਚੋਣ ਪ੍ਰਚਾਰ ਦੌਰਾਨ ਸੁਖਪਾਲ ਸਿੰਘ ਖਹਿਰਾ ਦੇ ਯੋਜਨਾਬੱਧ ਤੇ ਧੂੰਆਂਧਾਰ ਪ੍ਰਚਾਰ ਨੇ ਵੀ ਕਿਤੇ ਨਾ ਕਿਤੇ ਸੱਤਾਧਾਰੀ ਖ਼ੇਮੇ ਵਿੱਚ ਹਲਚਲ ਪੈਦਾ ਕਰੀ ਰੱਖੀ। ਉਕਤ ਤਿੰਨਾਂ ਉਮੀਦਵਾਰਾਂ ਦੇ ਸਮਰਥਕ ਆਪਣੀ ਆਪਣੀ ਜਿੱਤ ਦੇ ਭਾਵੇਂ ਇੱਕਤਰਫਾ ਦਾਅਵੇ ਕਰ ਰਹੇ ਹਨ ਪ੍ਰੰਤੂ ਸੰਗਰੂਰ ਹਲਕੇ ਤੋਂ ਅਸਲ ਸਥਿਤੀ ਇਕਤਰਫ਼ਾ ਜਿੱਤ ਵਾਲੀ ਇਸ ਵਾਰ ਨਹੀਂ ਹੈ।