ਚੰਡੀਗੜ੍ਹ, 6 ਮਈ, Gee98 news service
-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਹਨ। ਇੱਕ ਪਾਸੇ “ਆਪ” ਆਗੂਆਂ ਨੂੰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ ਦੀ ਉਡੀਕ ਹੈ ਪਰੰਤੂ ਦੂਜੇ ਪਾਸੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਹੋਰ ਕਸਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਸ਼ਰਾਬ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ‘ਚ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਨੇ ਐਨਆਈਏ ਜਾਂਚ ਦੀ ਸਿਫਾਰਸ਼ ਕਰ ਦਿੱਤੀ ਹੈ। ਲੈਫਟੀਨੈਂਟ ਗਵਰਨਰ ਸਕਸੈਨਾ ਨੇ ਇਹ ਸਿਫਾਰਸ ਪਾਬੰਦੀਸ਼ੁਦਾ ਸੰਗਠਨ “ਸਿੱਖਸ ਫਾਰ ਜਸਟਿਸ” ਤੋਂ ਜੇਲ੍ਹ ਵਿੱਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਦਲੇ 1 ਕਰੋੜ 60 ਲੱਖ ਡਾਲਰ ਵਸੂਲ ਕਰਨ ਦੇ ਮਾਮਲੇ ‘ਚ ਮਿਲੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਲੈਫਟੀਨੈਂਟ ਗਵਰਨਰ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਇਹ ਬੇਹੱਦ ਸੰਗੀਨ ਦੋਸ਼ ਹਨ,ਜਿਨਾਂ ਦੀ ਜਾਂਚ ਅਤੀ ਜ਼ਰੂਰੀ ਹੈ।ਜ਼ਿਕਰਯੋਗ ਹੈ ਕਿ ਸਿੱਖ ਆਗੂ ਦਵਿੰਦਰਪਾਲ ਸਿੰਘ ਭੁੱਲਰ ਕਈ ਵਰ੍ਹਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਜਿਨਾਂ ਦੀ ਰਿਹਾਈ ਦੀ ਪ੍ਰਕਿਰਿਆ ਸੰਬੰਧੀ ਫਾਈਲ ਦਿੱਲੀ ਸਰਕਾਰ ਕੋਲ ਅਟਕੀ ਹੋਈ ਹੈ। ਵਿਦੇਸ਼ੀ ਧਰਤੀ ਤੋਂ ਭਾਰਤ ਵਿਰੋਧੀ ਪ੍ਰਚਾਰ ਕਰਨ ਵਾਲੇ ਗਰਮ ਖ਼ਿਆਲੀ ਸੰਗਠਨਾਂ ਤੋਂ ਕਰੋੜਾਂ ਡਾਲਰ ਦੀ ਫੰਡਿੰਗ ਪ੍ਰਾਪਤ ਕਰਨ ਸਬੰਧੀ ਸ਼ਿਕਾਇਤਾਂ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣ ਸਕਦੀਆਂ ਹਨ ਅਤੇ ਇਹ ਮਾਮਲਾ ਅਰਵਿੰਦ ਕੇਜਰੀਵਾਲ ਦੇ ਸਿਆਸੀ ਜੀਵਨ ਨੂੰ ਤਬਾਹ ਵੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਜੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ੀ ਬੈਠੇ ਗਰਮੀ ਖ਼ਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਹ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਜੇਲਾਂ ‘ਚ ਬੰਦ ਸਿੱਖ ਆਗੂਆਂ ਦੀ ਰਿਹਾਈ ਲਈ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਲੱਖਾਂ ਡਾਲਰ ਫੰਡ ਇਕੱਠਾ ਕਰਕੇ ਦਿੱਤਾ ਸੀ। ਇਹ ਮਾਮਲਾ ਉਸ ਵੇਲੇ ਦਾ ਹੀ ਭਖਿਆ ਹੋਇਆ ਹੈ ਅਤੇ ਹੁਣ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ NIA ਜਾਂਚ ਦੀ ਸਿਫਾਰਿਸ਼ ਕਰ ਦਿੱਤੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਖ਼ਿਲਾਫ਼ ਲੈਫਟੀਨੈਂਟ ਗਵਰਨਰ ਵੱਲੋਂ ਐਨਆਈਏ ਦੀ ਜਾਂਚ ਦੀ ਸਿਫਾਰਿਸ਼ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਇੱਕ ਤਰ੍ਹਾਂ ਦੀ ਤਰਥੱਲੀ ਮੱਚ ਗਈ ਹੈ।
