ਬਰਨਾਲਾ 28 ਅਪ੍ਰੈਲ, (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਮੀਤ ਹੇਅਰ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪੁੱਜੇ ਅੰਗਹੀਣ ਵਿਅਕਤੀਆਂ ਨਾਲ ਪੁਲਿਸ ਵੱਲੋਂ ਕੀਤੀ ਵਧੀਕੀ ਦੀ ਜਥੇਬੰਦੀਆਂ ਵੱਲੋਂ ਤਿੱਖੀ ਨਿੰਦਾ ਕੀਤੀ ਜਾ ਰਹੀ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਦਾਸ ਬਾਵਾ ਨੇ ਦੱਸਿਆ ਕਿ ਉਹ ਆਪਣੇ ਕਈ ਅੰਗਹੀਣ ਸਾਥੀਆਂ ਸਮੇਤ, ਜਿਨਾਂ ਵਿੱਚ ਅੰਗਹੀਣ ਮਹਿਲਾਵਾਂ ਵੀ ਸ਼ਾਮਿਲ ਹਨ, ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਮੈਰੀਲੈਂਡ ਪੈਲੇਸ ਵਿੱਚ ਪੁੱਜੇ ਸਨ ਜਿੱਥੇ ਕਿ ਮੁੱਖ ਮੰਤਰੀ ਨੇ ਮੀਤ ਹੇਅਰ ਦੀ ਰੈਲੀ ਨੂੰ ਸੰਬੋਧਨ ਕਰਨ ਆਉਣਾ ਸੀ। ਉਹਨਾਂ ਕਿਹਾ ਕਿ ਉਹ ਪੂਰੇ ਅਨੁਸ਼ਾਸਨ ਵਿੱਚ ਪੰਡਾਲ ਵਿੱਚ ਬੈਠੇ ਸਨ, ਇਸ ਦੌਰਾਨ ਕੁਝ ਪੁਲਿਸ ਵਾਲੇ ਆਏ ਜਿਨਾਂ ਨੇ ਉਹਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਨੇ ਬਾਈਪਾਸ ‘ਤੇ ਜੀ ਮਾਲ ਵਿੱਚ ਲੰਚ ਕਰਨਾ ਹੈ ਉਥੇ ਤੁਹਾਡੀ ਮੁਲਾਕਾਤ ਕਰਵਾਵਾਂਗੇ। ਉਹਨਾਂ ਦੱਸਿਆ ਕਿ ਪੁਲਿਸ ਵਾਲੇ ਅੰਗਹੀਣ ਵਿਅਕਤੀਆਂ ਨੂੰ ਲੰਚ ਸਮੇਂ ‘ਤੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਬਹਾਨੇ ਉਹਨਾਂ ਨੂੰ ਪੰਡਾਲ ਵਿੱਚੋਂ ਬਾਹਰ ਲੈ ਆਏ ਅਤੇ ਪੁਲਿਸ ਦੀ ਬੱਸ ਵਿੱਚ ਬਿਠਾ ਕੇ ਮੁੱਖ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਤੋਂ ਦੂਰ ਕਿਸੇ ਥਾਂ ‘ਤੇ ਲੈ ਗਈ ਜਿੱਥੇ ਇੱਕ ਘੰਟੇ ਤੱਕ ਉਹਨਾਂ ਨੂੰ ਬਿਨਾਂ ਪਾਣੀ ਪੀਤੇ ਬੱਸ ਵਿੱਚ ਬੈਠਣਾ ਪਿਆ। ਇਸ ਦੌਰਾਨ ਕਿਸੇ ਤਰੀਕੇ ਨਾਲ ਤਜਿੰਦਰ ਬਾਵਾ ਨੇ ਪੱਤਰਕਾਰਾਂ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਤੁਰੰਤ ਕੁਝ ਪੱਤਰਕਾਰ ਮੌਕੇ ਤੇ ਪੁੱਜੇ ਜਿਸ ਤੋਂ ਬਾਅਦ ਬੱਸ ਵਿੱਚ ਮੁਰਗੀਆਂ ਵਾਂਗੂੰ ਤਾੜੇ ਅੰਗਹੀਣ ਵਿਅਕਤੀਆਂ ਨੂੰ ਪਾਣੀ ਪੀਣ ਲਈ ਦਿੱਤਾ ਗਿਆ। ਇਸ ਮੌਕੇ ਅੰਗਹੀਣ ਵਿਅਕਤੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ ਕਰਦੇ ਰਹੇ ਕਿ ਉਹਨਾਂ ਦੇ ਟਰਾਈ ਸਾਈਕਲ ਰੈਲੀ ਵਾਲੀ ਜਗ੍ਹਾ ‘ਤੇ ਖੜੇ ਹਨ, ਉਨਾਂ ਨੂੰ ਰੈਲੀ ਵਾਲੀ ਜਗ੍ਹਾ ‘ਤੇ ਵਾਪਸ ਲਿਜਾਇਆ ਜਾਵੇ ਉਹ ਆਪਣੇ ਟਰਾਈਸਾਈਕਲ ਲੈ ਕੇ ਘਰ ਚਲੇ ਜਾਣਗੇ ਪਰੰਤੂ ਪੁਲਿਸ ਵਾਲਿਆਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਉਹਨਾਂ ਨੂੰ ਜਬਰਦਸਤੀ ਬੱਸ ਵਿੱਚ ਬਿਠਾ ਕੇ ਰੱਖਿਆ ਗਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਝ ਅਪਾਹਜ ਵਿਅਕਤੀਆਂ ਨੇ ਕਿਹਾ ਕਿ ਉਹ ਪਹਿਲਾਂ ਹੀ ਸਰੀਰਕ ਤੌਰ ‘ਤੇ ਰੱਬ ਦੇ ਮਾਰੇ ਹੋਏ ਹਨ ਪ੍ਰੰਤੂ ਅੱਜ ਉਹਨਾਂ ਨਾਲ ਜੋ ਭੱਦਾ ਮਜਾਕ ਕੀਤਾ ਗਿਆ ਇਸ ਨਾਲ ਉਹਨਾਂ ਦੇ ਮਨਾਂ ਨੂੰ ਗਹਿਰੀ ਠੇਸ ਪੁੱਜੀ ਹੈ। ਇਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਦੇ ਜਾਣ ਤੋਂ ਬਾਅਦ ਰੈਲੀ ਵਾਲੀ ਥਾਂ ‘ਤੇ ਛੱਡਿਆ ਗਿਆ ਜਿੱਥੋਂ ਇਹ ਅੰਗਹੀਣ ਵਿਅਕਤੀ ਆਪਣੇ ਟਰਾਈ ਸਾਈਕਲ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਆਪਣੀਆਂ ਮੰਗਾਂ ਪ੍ਰਤੀ ਆਸਾਂ ਉਮੀਦਾਂ ਨੂੰ ਮਨਾਂ ‘ਚ ਦਬਾ ਕੇ ਘਰਾਂ ਨੂੰ ਚਲੇ ਗਏ।
ਫੋਟੋ ਕੈਪਸ਼ਨ-ਪੁਲਿਸ ਦੀ ਬੱਸ ਵਿੱਚ ਡੱਕੇ ਹੋਏ ਅੰਗਹੀਣ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।