ਚੰਡੀਗੜ੍ਹ,20 ਅਪ੍ਰੈਲ, Gee98 news service
-ਜੇਕਰ ਪੰਜਾਬ ਦੇ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਹੀ ਖਾਣ ਪੀਣ ਦੀਆਂ ਮਾੜੀਆਂ ਚੀਜ਼ਾਂ ਵਿਕ ਰਹੀਆਂ ਹਨ ਤਾਂ ਬਾਕੀ ਪੰਜਾਬ ਦਾ ਰੱਬ ਹੀ ਰਾਖਾ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਪਟਿਆਲਾ ਵਿਖੇ ਜਨਮਦਿਨ ਮੌਕੇ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਦੀ ਖ਼ਬਰ ਦੀਆਂ ਸੁਰਖੀਆਂ ਅਜੇ ਲੋਕਾਂ ਦੇ ਜ਼ਹਿਨ ਵਿੱਚ ਤਾਜੀਆਂ ਹਨ ਦੂਜੇ ਪਾਸੇ ਬੀਤੇ ਦਿਨੀਂ ਪਟਿਆਲਾ ਦੀ ਇੱਕ ਬੇਕਰੀ ਤੋਂ ਇੱਕ ਮਿਆਦ ਲੰਘੀ ਤਰੀਕ ਦਾ ਚਾਕਲੇਟ ਖਾਣ ਨਾਲ ਇੱਕ ਛੋਟੀ ਬੱਚੀ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਤੇ ਉਸਦੀ ਸਿਹਤ ਜ਼ਿਆਦਾ ਵਿਗੜ ਗਈ। ਇਹ ਛੋਟੀ ਬੱਚੀ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹੈ ਜਿਸ ਦਾ ਪਰਿਵਾਰ ਕੁਝ ਦਿਨ ਪਹਿਲਾਂ ਪਟਿਆਲਾ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਮਿਲਣ ਲਈ ਆਇਆ ਸੀ। ਜਦੋਂ ਇਹ ਪਰਿਵਾਰ ਪਟਿਆਲਾ ਤੋਂ ਵਾਪਸ ਲੁਧਿਆਣਾ ਜਾਣ ਲੱਗਿਆ ਤਾਂ ਪਟਿਆਲਾ ਵਾਲੇ ਰਿਸ਼ਤੇਦਾਰਾਂ ਨੇ ਲੜਕੀ ਨੂੰ ਇੱਕ ਬੇਕਰੀ ਤੋਂ ਖਰੀਦ ਕੇ ਖਾਣ ਪੀਣ ਦੀਆਂ ਚੀਜ਼ਾਂ ਦਾ ਇੱਕ ਗਿਫਟ ਪੈਕ ਟੋਕਰੀ ਦਿੱਤਾ ਜਿਸ ਵਿੱਚ ਚਾਕਲੇਟ ਵੀ ਸਨ। ਲੁਧਿਆਣਾ ਘਰ ਜਾ ਕੇ ਜਦ ਇਹ ਟੋਕਰੀ ਗਿਫਟ ਪੈਕ ਖੋਲਿਆ ਗਿਆ ਤਾਂ ਛੋਟੀ ਬੱਚੀ ਨੇ ਚਾਕਲੇਟ ਖਾਧਾ ਜਿਸ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਖੂਨ ਦੀਆਂ ਉਲਟੀਆਂ ਵੀ ਆਈਆਂ। ਇਸ ਤੋਂ ਬਾਅਦ ਇੱਕ 22 ਕੁ ਸਾਲ ਦੀ ਕੁੜੀ ਨੇ ਵੀ ਉਸ ਗਿਫਟ ਪੈਕ ਟੋਕਰੀ ਵਿੱਚੋਂ ਚਾਕਲੇਟ ਖਾਧੀ ਤੇ ਉਸਦੀ ਵੀ ਸਿਹਤ ਕੁਝ ਵਿਗੜ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਤੁਰੰਤ ਲੜਕੀ ਨੂੰ ਡਾਕਟਰ ਕੋਲ ਲੈ ਗਏ, ਜਿੱਥੋਂ ਬੱਚੀ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਬੱਚੀ ਦਾ ਇਲਾਜ ਚੱਲ ਰਿਹਾ ਹੈ। ਜਦੋਂ ਇਹ ਗੱਲ ਲੁਧਿਆਣੇ ਵਾਲੇ ਰਿਸ਼ਤੇਦਾਰਾਂ ਨੇ ਪਟਿਆਲੇ ਰਿਸ਼ਤੇਦਾਰਾਂ ਨਾਲ ਸਾਂਝੀ ਕੀਤੀ ਤਾਂ ਪਟਿਆਲਾ ਵਾਲੇ ਪਰਿਵਾਰ ਵਿੱਚੋਂ ਵਿੱਕੀ ਨਾਮ ਦੇ ਇੱਕ ਨੌਜਵਾਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕੀਤਾ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਵਿੱਕੀ ਨੂੰ ਨਾਲ ਲੈ ਕੇ ਉਸ ਬੇਕਰੀ ‘ਤੇ ਗਈ ਜਿੱਥੋਂ ਵਿੱਕੀ ਨੇ ਗਿਫਟ ਪੈਕ ਟੋਕਰੀ ਖਰੀਦੀ ਸੀ। ਉੱਥੇ ਜਾ ਕੇ ਸਿਹਤ ਵਿਭਾਗ ਦੀ ਟੀਮ ਨੇ ਖਾਣ ਪੀਣ ਦੀਆਂ ਚੀਜ਼ਾਂ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਿਆ ਕਿ ਟੋਕਰੀ ਵਿੱਚ ਪੈਕ ਕੀਤਾ ਗਿਆ ਚਾਕਲੇਟ ਦੀ ਮਿਆਦ ਲੰਘੀ ਹੋਈ ਸੀ। ਇਸ ਦੁਕਾਨ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਬਾਕੀ ਸਮਾਨ ਦੀ ਚੈਕਿੰਗ ਕੀਤੀ ਤਾਂ ਉੱਥੇ ਹੋਰ ਵੀ ਮਿਆਦ ਲੰਘੀਆਂ ਖਾਣ ਪੀਣ ਦੀਆਂ ਚੀਜ਼ਾਂ ਮਿਲੀਆਂ ਜਿਨਾਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜ਼ਬਤ ਕਰ ਲਿਆ। ਇਸ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਵੀ ਮਿਆਦ ਪੁਗਾ ਚੁੱਕੇ ਸਮਾਨ ਦੀ ਵਿਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜਨਮ ਦਿਨ ਦੇ ਕੇਕ ਵਾਲੀ ਤੇ ਹੁਣ ਇਸ ਘਟਨਾ ਤੋਂ ਸਪੱਸ਼ਟ ਹੈ ਕਿ ਪਟਿਆਲਾ ਵਿੱਚ ਸ਼ਰੇਆਮ ਮਿਆਦ ਪੁਗਾ ਚੁੱਕੀਆਂ ਚੀਜ਼ਾਂ ਦੀ ਵਿਕਰੀ ਹੋ ਰਹੀ ਹੈ। ਸਿਹਤ ਮੰਤਰੀ ਦੇ ਸ਼ਹਿਰ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਜੇਕਰ ਲੋਕਾਂ ਦੀ ਸਿਹਤ ‘ਤੇ ਸਿੱਧੀ ਮਾਰ ਕਰਨ ਵਾਲੀਆਂ ਖਾਣ ਪੀਣ ਚੀਜ਼ਾਂ ਦੀ ਵਿਕਰੀ ਦੇ ਇਹ ਹਾਲਾਤ ਸਿਹਤ ਮੰਤਰੀ ਦੇ ਸ਼ਹਿਰ ਵਿੱਚ ਹਨ ਤਾਂ ਬਾਕੀ ਪੰਜਾਬ ਦੇ ਹਾਲਾਤ ਸਮਝ ਤੋਂ ਬਾਹਰ ਨਹੀਂ ਹਨ।