ਚੰਡੀਗੜ੍ਹ,18, ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਇੱਕ ਢਾਈ ਕੁ ਸਾਲ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਦੱਬ ਕੇ ਮੌਤ ਦੇ ਘਾਟ ਉਤਾਰਨ ਵਾਲੀ ਕਾਤਲ ਔਰਤ ਨੂੰ ਲੁਧਿਆਣਾ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਦੋਸ਼ੀ ਔਰਤ ਨੀਲਮ ਨੇ ਆਪਣੇ ਗੁਆਂਢ ‘ਚ ਰਹਿਣ ਵਾਲੀ ਢਾਈ ਕੁ ਵਰ੍ਹਿਆਂ ਦੀ ਮਾਸੂਮ ਦਾ ਦਿਲਰੋਜ਼ ਨੂੰ ਅਗਵਾ ਕਰਨ ਤੋਂ ਬਾਅਦ ਲੁਧਿਆਣਾ ਦੇ ਸਲੇਮਟਾਬਰੀ ਇਲਾਕੇ ‘ਚ ਲਿਜਾ ਕੇ ਉਸ ਨੂੰ ਟੋਆ ਪੱਟ ਕੇ ਜ਼ਿੰਦਾ ਹੀ ਦੱਬ ਦਿੱਤਾ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਮਾਪਿਆਂ ਨੇ ਜਦ ਉਸਦੀ ਭਾਲ ਸ਼ੁਰੂ ਕੀਤੀ ਤਾਂ ਦੋਸ਼ੀ ਔਰਤ ਨੀਲਮ ਵੀ ਮਾਪਿਆਂ ਦੇ ਨਾਲ ਦਿਲਰੋਜ਼ ਦੀ ਭਾਲ ਕਰਦੀ ਰਹੀ। ਬੱਚੀ ਦੇ ਲਾਪਤਾ ਹੋਣ ਦੀ ਰਿਪੋਰਟ ਰਿਪੋਰਟ ਜਦ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਨੀਲਮ ਨੂੰ ਗ੍ਰਿਫਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਨੀਲਮ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨਿਆ ਕਿ ਉਸਨੇ ਬੱਚੀ ਨੂੰ ਆਪਣੀ ਸਕੂਟਰੀ ‘ਤੇ ਅਗਵਾ ਕਰਕੇ ਸਲੇਮ ਟਾਬਰੀ ਇਲਾਕੇ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ ਹੈ। ਪੁਲਿਸ ਨੇ ਨੀਲਮ ਦੀ ਨਿਸ਼ਾਨਦੇਹੀ ‘ਤੇ ਟੋਆ ਪੁੱਟ ਕੇ ਬੱਚੀ ਨੂੰ ਬਾਹਰ ਕੱਢਿਆ ਤੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਪਰੰਤੂ ਉਦੋਂ ਤੱਕ ਦੇਰ ਹੋ ਚੁੱਕੀ ਸੀ ਅਤੇ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਧਾਰਾਵਾਂ ਤਹਿਤ ਦੋਸ਼ਣ ਨੀਲਮ ‘ਤੇ ਮੁਕੱਦਮਾ ਦਰਜ ਕੀਤਾ ਸੀ ਜਿਸ ਦੀ ਸੁਣਵਾਈ ਦੌਰਾਨ ਲੁਧਿਆਣਾ ਦੇ ਸੈਸ਼ਨ ਜੱਜ ਮਨੀਸ਼ ਸਿੰਘਲ ਦੀ ਅਦਾਲਤ ਨੇ ਤਿੰਨ ਦਿਨ ਪਹਿਲਾਂ ਬਹਿਸ ਤੋਂ ਬਾਅਦ ਸਜ਼ਾ ਸੁਣਾਉਣ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਅੱਜ ਮਾਨਯੋਗ ਅਦਾਲਤ ਨੇ ਦੋਸ਼ੀ ਔਰਤ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇੱਥੇ ਇਹ ਦੱਸਣ ਯੋਗ ਹੈ ਕਿ ਇਸ ਕੇਸ ਨੂੰ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਾਮੀ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਮਾਸੂਮ ਬੱਚੀ ਦਿਲਰੋਜ਼ ਦੇ ਮਾਪਿਆਂ ਦੇ ਹੱਕ ਵਿੱਚ ਬਿਨਾਂ ਫੀਸ ਤੋਂ ਲੜਿਆ ਅਤੇ ਮਾਸੂਮ ਬੱਚੀ ਨੂੰ ਜ਼ਿੰਦਾ ਦੱਬ ਕੇ ਮੌਤ ਦੇ ਘਾਟ ਉਤਾਰਨ ਵਾਲੀ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ ਕਰਵਾਈ।
ਫੋਟੋ ਕੈਪਸ਼ਨ- ਮਾਸੂਮ ਦਿਲਰੋਜ਼ ਦੀ ਫਾਈਲ ਤਸਵੀਰ ਅਤੇ ਨੀਲਮ ਦੀ ਦਿਲਰੋਜ਼ ਨੂੰ ਅਗਵਾ ਕਰਕੇ ਲਿਜਾਂਦੇ ਹੋਏ ਦੀ ਤਸਵੀਰ।
