ਚੰਡੀਗੜ੍ਹ,2 ਅਪ੍ਰੈਲ, Gee98 news service
-ਇੱਕ ਵਿਆਹ ਸਮਾਗਮ ਵਿੱਚ ਸਟੇਜ ਤੇ ਨੱਚ ਰਹੀ ਕੁੜੀ ਨਾਲ ਵੱਧ ਲੋਕੀ ਕਰਨ ਦੇ ਦੋਸ਼ ਤਹਿਤ ਸਮਰਾਲਾ ਪੁਲਿਸ ਨੇ ਇੱਕ ਡੀਐਸਪੀ ਦੇ ਰੀਡਰ ਅਤੇ ਉਸਦੇ ਤਿੰਨ ਹੋਰ ਸਾਥੀਆਂ ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਸਮਰਾਲਾ ਪੁਲਿਸ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਤਰਲੋਚਨ ਸਿੰਘ ਅਤੇ ਐਸਐਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਗਰੂਪ ਸਿੰਘ ਵਾਸੀ ਪਿੰਡ ਰਾਣਵਾ (ਸਮਰਾਲਾ) ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਧਾਰਾ 294,506 ਅਤੇ ਧਾਰਾ 509 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਦੋਸ਼ੀ ਜਗਰੂਪ ਸਿੰਘ ਪੁਲਿਸ ਮੁਲਾਜ਼ਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਂਸਰ ਕੁੜੀ ਨੇ ਦੱਸਿਆ ਕੇ ਉਸ ਪੁਲਿਸ ਮੁਲਾਜ਼ਮ ਦੇ ਨਾਲ ਨਸ਼ੇ ਵਿਚ ਟੱਲੀ ਹੋਏ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਸਟੇਜ ਤੋਂ ਹੇਠਾਂ ਆ ਕੇ ਉਨ੍ਹਾਂ ਨਾਲ ਡਾਂਸ ਕਰਨ ਦੀ ਗੱਲ ਆਖੀ ਗਈ, ਜਿਸਦਾ ਉਸਨੇ ਵਿਰੋਧ ਕੀਤਾ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ’ਤੇ ਕੱਚ ਦਾ ਗਲਾਸ ਸੁੱਟ ਕੇ ਹਮਲਾ ਵੀ ਕੀਤਾ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ’ਚ ਜੰਮ ਕੇ ਟਕਰਾਅ ਵੀ ਹੋਇਆ। ਡਾਂਸਰ ਕੁੜੀ ਦੀ ਸ਼ਿਕਾਇਤ ’ਤੇ ਸਮਰਾਲਾ ਪੁਲਿਸ ਨੇ ਇਸ ਮਾਮਲੇ ’ਚ ਦੋਸ਼ੀ ਮੰਨੇ ਜਾਣ ਵਾਲੇ ਇੱਕ ਪੁਲਿਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ’ਤੇ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਇਹ ਸਾਫ ਵੇਖਿਆ ਜਾ ਰਿਹਾ ਹੈ, ਕਿ ਕਿਵੇ ਇਸ ਕੁੜੀ ਵੱਲੋਂ ਸਟੇਜ ਤੋਂ ਥੱਲੇ ਆਕੇ ਡਾਂਸ ਕਰਨ ਦੀ ਗੱਲ ਦੇ ਵਿਰੋਧ ਦਰਮਿਆਨ ਹੋਈ ਤਿੱਖੀ ਬਹਿਸਬਾਜ਼ੀ ਦੌਰਾਨ ਇਸ ਡਾਂਸਰ ਕੁੜੀ ਨੇ ਭਾਵੇ ਗੁੱਸੇ ਵਿਚ ਆਕੇ ਉਸ ਵਿਅਕਤੀ ਨੂੰ ਕਾਫੀ ਕੁਝ ਬੋਲ ਦਿੱਤਾ, ਪਰ ਜਿਵੇ ਇਸ ਡਾਂਸ ਕਰ ਰਹੀ ਕੁੜੀ ’ਤੇ ਸ਼ਰਾਬ ਨਾਲ ਭਰਿਆ ਕੱਚ ਦਾ ਗਲਾਸ ਸੁੱਟ ਕੇ ਹਮਲਾ ਕੀਤਾ ਗਿਆ। ਉਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਵੱਧ ਗਿਆ। ਵੀਡੀਓ ਵਾਇਰਲ ਹੋਣ ’ਤੇ ਹੁਣ ਇਹ ਗੱਲ ਕਾਫੀ ਤੂਲ ਫੜ ਚੁੱਕੀ ਹੈ ਅਤੇ ਪੀੜਿਤ ਕੁੜੀ ਵੱਲੋਂ ਦੇਰ ਰਾਤ ਹੀ ਸਥਾਨਕ ਪੁਲਿਸ ਨੂੰ ਕਾਰਵਾਈ ਲਈ ਆਪਣੀ ਸ਼ਿਕਾਇਤ ਵੀ ਦੇ ਦਿੱਤੀ ਗਈ ਸੀ।