ਚੰਡੀਗੜ੍ਹ,26 ਮਾਰਚ, Gee98 news service
-ਲੋਕ ਸਭਾ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਗੱਲਬਾਤ ਨੂੰ ਫਿਲਹਾਲ ਬਰੇਕਾਂ ਲੱਗ ਗਈਆਂ ਹਨ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਭਾਜਪਾ ਪੰਜਾਬ ‘ਚ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਇਹ ਫੈਸਲਾ ਲੋਕਾਂ ਦੀ ਰਾਏ, ਪਾਰਟੀ ਵਰਕਰਾਂ ਦੀ ਰਾਏ, ਲੀਡਰਸ਼ਿਪ ਦੀ ਰਾਏ ਜਾਨਣ ਤੋਂ ਬਾਅਦ ਪੰਜਾਬ ਦੇ ਭਵਿੱਖ, ਜਵਾਨੀ, ਵਪਾਰੀਆਂ, ਨੌਜਵਾਨਾਂ ਤੇ ਪਛੜੇ ਵਰਗਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਉਹਨਾਂ ਕਿਹਾ ਕਿ ਜੋ ਕੰਮ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਕੀਤੇ ਹਨ ਉਹ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ, ਪੰਜਾਬ ਦੀ ਸੁਰੱਖਿਆ ਤੇ ਸਰਹੱਦਾਂ ਦੀ ਮਜ਼ਬੂਤੀ ਦੇ ਮੱਦੇਨਜ਼ਰ ਭਾਜਪਾ ਨੇ ਪੰਜਾਬ ‘ਚ ਇਕੱਲੇ ਲੋਕ ਸਭਾ ਚੋਣ ਲੜਨ ਦਾ ਫੈਸਲਾ ਲਿਆ ਹੈ। ਭਾਵੇਂ ਕਿ ਸੁਨੀਲ ਜਾਖੜ ਨੇ ਭਾਜਪਾ ਦਾ ਇਕੱਲੇ ਚੋਣ ਲੜਨ ਦੇ ਫੈਸਲੇ ਪਿੱਛੇ ਵਰਕਰਾਂ ਅਤੇ ਪਾਰਟੀ ਆਗੂਆਂ ਦੀ ਰਾਏ ਦੱਸਿਆ ਪ੍ਰੰਤੂ ਪਰਦੇ ਦੇ ਪਿੱਛੇ ਕਹਾਣੀ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪਿਛਲੇ 10 ਦਿਨਾਂ ਤੋਂ ਭਾਜਪਾ ਤੇ ਅਕਾਲੀ ਆਗੂ ਲੋਕ ਸਭਾ ਚੋਣਾਂ ਲਈ ਮੰਥਨ ਕਰ ਰਹੇ ਹਨ। ਸੂਤਰਾਂ ਅਨੁਸਾਰ ਭਾਜਪਾ ਪੰਜਾਬ ‘ਚ ਲੋਕ ਸਭਾ ਦੀਆਂ ਪੰਜ ਸੀਟਾਂ ਮੰਗ ਰਹੀ ਹੈ ਅਤੇ ਵਿਧਾਨ ਸਭਾ ਦੀਆਂ 45 ਤੋਂ 50 ਸੀਟਾਂ ਮੰਗੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਤਾਂ ਭਾਜਪਾ ਨੂੰ ਪੰਜ ਸੀਟਾਂ ਦੇਣ ਲਈ ਸਹਿਮਤ ਹੋਇਆ ਦੱਸਿਆ ਜਾਂਦਾ ਹੈ ਪ੍ਰੰਤੂ ਵਿਧਾਨ ਸਭਾ ਚੋਣਾਂ ਵਿੱਚ 45 ਤੋਂ 50 ਸੀਟਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਸਹਿਮਤ ਨਹੀਂ ਹੋਈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਨਿਰੋਲ ਪੰਥਕ ਮੁੱਦੇ ਵੱਲ ਮੁੜਦੇ ਹੋਏ ਬੰਦੀ ਸਿੰਘਾਂ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਭਾਜਪਾ ਅੱਗੇ ਰੱਖਿਆ। ਸੂਤਰਾਂ ਅਨੁਸਾਰ ਭਾਜਪਾ ਅਜੇ ਬੰਦੀ ਸਿੰਘਾਂ ਅਤੇ ਕਿਸਾਨਾਂ ਨੂੰ ਹਰੇਕ ਫਸਲ ‘ਤੇ ਐਮਐਸਪੀ ‘ਤੇ ਵਿਚਾਰ ਨਹੀਂ ਕਰਨਾ ਚਾਹੁੰਦੀ, ਜਦ ਕਿ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਭਾਜਪਾ ਇਹਨਾਂ ਦੋਵੇਂ ਮੁੱਦਿਆਂ ‘ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਪੱਸ਼ਟ ਐਲਾਨ ਕਰੇ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਹੁਤ ਹੀ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਨੇੜਲੇ ਸੀਨੀਅਰ ਆਗੂਆਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਪਾਰਟੀ ਦੀ ਲੋਕ ਸਭਾ ਦੇ ਵਿੱਚ ਕਾਰਗੁਜ਼ਾਰੀ ਜਿਹੋ ਜਿਹੀ ਮਰਜ਼ੀ ਹੋਵੇ, ਭਵਿੱਖ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਪੰਥਕ ਮੁੱਦਿਆਂ ‘ਤੇ ਹੀ ਆਪਣੀ ਰਾਜਨੀਤੀ ਅਤੇ ਰਣਨੀਤੀ ਕੇਂਦਰਿਤ ਰੱਖੇਗੀ। ਭਾਵੇਂ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਇਕੱਲੇ ਚੋਣ ਲੜਨ ਦੀ ਨੀਤੀ ਨੂੰ ਭਾਜਪਾ ਆਗੂਆਂ ਤੇ ਵਰਕਰਾਂ ਦੀ ਰਾਏ ਦੱਸਿਆ ਹੈ ਪ੍ਰੰਤੂ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਵੱਲੋਂ ਮੰਗਿਆ ਜਾ ਰਹੀਆਂ ਸੀਟਾਂ ਦੀ ਗਿਣਤੀ ਤੋਂ ਕੋਰੀ ਨਾਂਹ ਕਰਨਾ, ਬੰਦੀ ਸਿੰਘਾਂ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਮੁੱਦਾ ਮੁੱਖ ਰੱਖਣਾ ਹੀ ਇਸ ਪਿੱਛੇ ਅਸਲ ਕਹਾਣੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਅਜੇ ਤੱਕ ਸਿਰੇ ਨਹੀਂ ਚੜ ਰਿਹਾ। ਦੂਜੇ ਪਾਸੇ ਸਿਆਸੀ ਮਾਹਿਰ ਸੁਨੀਲ ਜਾਖੜ ਦੇ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਉੱਪਰ ਦਬਾਅ ਪਾਉਣ ਦੀ ਨੀਤੀ ਮੰਨ ਰਹੇ ਹਨ, ਕਿਉਂਕਿ ਅਸਲ ਵਿੱਚ ਸੁਨੀਲ ਜਾਖੜ ਕੋਲ ਆਪਣੇ ਪੱਧਰ ‘ਤੇ ਗੱਠਜੋੜ ਕਰਨ ਜਾਂ ਨਾ ਕਰਨ ਦੀ ਕੋਈ ਪਾਵਰ ਨਹੀਂ ਹੈ ਇਹ ਫੈਸਲਾ ਸਿਰਫ਼ ਤੇ ਸਿਰਫ਼ ਭਾਜਪਾ ਦੀ ਦਿੱਲੀ ਹਾਈਕਮਾਂਡ ਦੇ ਹੱਥ ਵਿੱਚ ਹੀ ਹੈ।
