ਚੰਡੀਗੜ੍ਹ,31 ਅਕਤੂਬਰ-ਦਿੱਲੀ ਦੀ ਸ਼ਰਾਬ ਪਾਲਿਸੀ ਆਮ ਆਦਮੀ ਪਾਰਟੀ ਲਈ ਗਲੇ ਦੀ ਹੱਡੀ ਬਣਦੀ ਜਾ ਰਿਹਾ ਹੈ। ਜਾਂਚ ਏਜੰਸੀਆਂ ਵੱਲੋਂ ਇਸ ਮਾਮਲੇ ਵਿੱਚ ਰੋਜ਼ਾਨਾ ਨਵੇਂ ਤੱਥ ਉਜਾਗਰ ਕੀਤੇ ਜਾ ਰਹੇ ਹਨ। ਦਿੱਲੀ ਦੀ ਸ਼ਰਾਬ ਪਾਲਿਸੀ ਵਿੱਚ ਸੁਪਰੀਮ ਕੋਰਟ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਰੱਦ ਕਰਨ ਤੋਂ ਬਾਅਦ ਹੁਣ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ । ਈਡੀ ਨੇ ਸ੍ਰੀ ਕੇਜਰੀਵਾਲ ਨੂੰ 2 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਅਪ੍ਰੈਲ ਮਹੀਨੇ ਵਿੱਚ ਬੁਲਾਇਆ ਸੀ। ਦਿੱਲੀ ਦੀ ਸ਼ਰਾਬ ਪਾਲਿਸੀ ਸਬੰਧੀ ਈਡੀ ਦੀ ਕਾਰਵਾਈ ਨੂੰ ਭਾਵੇਂ ਆਮ ਆਦਮੀ ਪਾਰਟੀ ਰਾਜਨੀਤੀ ਨਾਲ ਜੋੜ ਰਹੀ ਹੈ ਪਰੰਤੂ ਇਸ ਮਾਮਲੇ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨਾਲ “ਆਪ” ਦੇ ਵੱਡੇ ਆਗੂਆਂ ਨੂੰ ਤਰੇਲੀਆਂ ਆ ਰਹੀਆਂ ਹਨ। ਜਾਂਚ ਏਜੰਸੀਆਂ ਵੱਲੋਂ ਦਿੱਲੀ ਦੀ ਸ਼ਰਾਬ ਪਾਲਿਸੀ ਵਿੱਚ 300 ਕਰੋੜ ਤੋਂ ਵਧੇਰੇ ਦੇ ਲੈਣ ਦੇਣ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।