ਚੰਡੀਗੜ੍ਹ,8 ਜੁਲਾਈ-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਾਲਬਰੋਸ ਸ਼ਰਾਬ ਫੈਕਟਰੀ ਜ਼ੀਰਾ ਸੰਬੰਧੀ ਤਾਜ਼ਾ ਹੁਕਮ ਜਾਰੀ ਕੀਤੇ ਹਨ । ਬੋਰਡ ਦੇ ਚੇਅਰਮੈਨ ਆਦਰਸ਼ ਵਿਜ ਨੇ ਕਿਹਾ ਕਿ ਇਹ ਫੈਕਟਰੀ ਅਜੇ ਵੀ ਪ੍ਰਦੂਸ਼ਣ ਕੰਟਰੋਲ ਦੀਆਂ ਪੂਰੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ ਇਸ ਲਈ ਇਸ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ । ਉਨ੍ਹਾਂ ਦੱਸਿਆ ਕਿ ਬੋਰਡ ਨੇ ਇਹ ਫੈਸਲਾ ਫੈਕਟਰੀ ਸਾਈਟ ‘ਤੇ 28 ਟਿਊਬਵੈਲਾਂ ਦੇ ਪਾਣੀ ਅਤੇ ਮਿੱਟੀ ਦੇ ਨਮੂਨਿਆਂ ਦੇ ਆਧਾਰ ‘ਤੇ ਲਿਆ ਹੈ। ਇਹ ਫੈਕਟਰੀ ਅਜੇ ਵੀ ਘੱਟੋ-ਘੱਟ ਛੇ ਸਹਿਮਤੀ ਸ਼ਰਤਾਂ ‘ਤੇ ਅਮਲ ਨਹੀਂ ਕਰ ਰਹੀ । ਰੈੱਡ ਜ਼ੋਨ ਵਾਲੀਆਂ ਫੈਕਟਰੀਆਂ ਲਈ ਇਨ੍ਹਾਂ ਸ਼ਰਤਾਂ ‘ਤੇ ਅਮਲ ਕਰਨਾ ਜ਼ਰੂਰੀ ਹੈ। ਇਸ ਲਈ ਫੈਕਟਰੀ ਨੂੰ ਚਲਾਉਣ ਲਈ (ਪ੍ਰਦੂਸ਼ਣ ਨਿਪਟਾਰਾ ਤੇ ਕੰਟਰੋਲ ਐਕਟ, 1981) ਤਹਿਤ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਇਹ ਫੈਕਟਰੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਹੈ। ਇਸ ਦੇ ਨੇੜਲੇ 44 ਪਿੰਡਾਂ ਦੇ ਲੋਕ 24 ਜੁਲਾਈ 2022 ਤੋਂ ਧਰਨੇ ‘ਤੇ ਬੈਠੇ ਹਨ। ਇਸ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਵਰੀ ਵਿਚ ਇਸ ਯੂਨਿਟ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ, ਜਿਸ ਵਿਰੁਧ ਫੈਕਟਰੀ ਪ੍ਰਬੰਧਨ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਰੱਖੀ ਗਈ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਫੈਕਟਰੀ ਨੂੰ ਇਥੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।