ਬਰਨਾਲ਼ਾ, 21 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਐੱਸ ਐਂਸ ਡੀ ਕਾਲਜ ਬਰਨਾਲ਼ਾ ਦੇ ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ਦੇ ਨੈਸ਼ਨਲ ਮੁਕਾਬਲਿਆਂ ਵਿਚੋਂ ਦੋ ਗੋਲਡ ਮੈਡਲ ਜਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਹੈ ਕਿ ਛਤੀਸ਼ਗੜ੍ਹ ਦੇ ਰਾਏਪੁਰ ਵਿਖੇ ਸ੍ਰ: ਬਲਵੀਰ ਸਿੰਘ ਸਟੇਡੀਅਮ ਵਿੱਚ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਪੀਅਨਸਿਪ 2025 ਵਿੱਚ ਐੱਸ.ਐੱਸ.ਡੀ ਕਾਲਜ ਦੇ ਬੀ ਸੀ ਏ ਭਾਗ ਤੀਜਾ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਨੇ ਸੀਨੀਅਰ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਇਸੇ ਤਰਾਂ ਐਮ ਏ ਭਾਗ ਦੂਜਾ ਦੇ ਵਿਦਿਆਰਥੀ ਸਨੀ ਕੁਮਾਰ ਨੇ 91 ਕਿਲੋ ਵਰਗ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਚੇਅਰਮੈਨ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਹਨਾਂ ਹੋਣਹਾਰ ਬੱਚਿਆਂ ਨੇ ਕੌਮੀ ਪੱਧਰ ‘ਤੇ ਐੱਸ.ਐੱਸ.ਡੀ ਕਾਲਜ, ਆਪਣੇ ਮਾਤਾ ਪਿਤਾ, ਆਪਣੇ ਸ਼ਹਿਰ ਬਰਨਾਲ਼ਾ ਅਤੇ ਪੰਜਾਬ ਦਾ ਨਾਮ ਉਚਾ ਕੀਤਾ ਹੈ। ਐੱਸ.ਡੀ ਸਭਾ (ਰਜਿ:) ਬਰਨਾਲ਼ਾ ਦੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇਣ ਨਾਲ ਨਾਲ ਫਿਜੀਕਲ ਵਿਭਾਗ ਦੀ ਇੰਚਾਰਜ ਪ੍ਰੋਫੈਸਰ ਪਰਵਿੰਦਰ ਕੌਰ ਦੀ ਸ਼ਾਲਾਘਾ ਕੀਤੀ ਹੈ, ਜਿਹਨਾਂ ਦੀ ਮਿਹਨਤ ਸਦਕਾ ਐੱਸ ਐੱਸ ਡੀ ਕਾਲਜ ਦੇ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਐੱਸ ਐੱਸ ਡੀ ਕਾਲਜ ਵਿੱਚ ਵੱਡੇ ਖੇਡ ਮੈਦਾਨ, ਖੁੱਲ੍ਹਾ ਵਾਤਾਵਰਨ ਅਤੇ ਯੋਗ ਅਧਿਆਪਕਾਂ ਸਦਕਾ ਵਿਦਿਆਰਥੀ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹਨਾਂ ਦੱਸਿਆ ਕਿ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਜਿੱਥੇ ਕਾਲਜ ਵੱਲੋਂ ਸਨਮਾਨ ਕੀਤਾ ਜਾਂਦਾ ਹੈ, ਉਥੇ ਇਹਨਾਂ ਵਿਦਿਆਰਥੀਆਂ ਨੂੰ ਵਿਸੇਸ਼ ਰਿਆਇਤਾਂ ਵੀ ਦਿੱਤੀਆਂ ਜਾਦੀਆਂ ਹਨ।